ਜਲ ਤੋਂ ਮਛਲੀ ਨੂੰ ਬਾਹਰ ਕਢਕੇ ਚਾਹੇ ਪੱਟ ਦਿਆਂ ਬਸਤ੍ਰਾਂ ਵਿਚ ਰਖੀਏ, ਪਰ ਪਾਣੀ ਬਿਨਾਂ ਉਹ ਤੜਫਦੀ ਪਿਆਰੇ ਪ੍ਰਾਣ ਤ੍ਯਾਗ ਦਿੰਦੀ ਹੈ।
ਬਨ ਵਿਚੋਂ ਫੜ ਕੇ ਪੰਛੀ ਨੂੰ ਪਿੰਜਰੇ ਵਿਚ ਪਾ ਕੇ ਚਾਹੇ ਕਿਡੇ ਪ੍ਯਾਰ ਨਾਲ ਰਖੀਏ ਪ੍ਰੰਤੂ ਬਿਨਾਂ ਬਨ ਜੰਗਲ ਦੇ ਓਸ ਦਾ ਮਨ ਉਨਮਨ ਊਨ ਮਨ ਖਿੰਨ ਬ੍ਯਾਕੁਲ ਉਦਾਸ ਹੀ ਦਿਸ੍ਯਾ ਕਰਦਾ ਹੈ।
ਭਾਵਨੀ ਭਾਮਨੀ ਇਸਤ੍ਰੀ ਪਤੀ ਨਾਲੋਂ ਵਿਛੁੜਦੀ ਹੋਈ ਅਤ੍ਯੰਤ ਦੁਬਲੀ ਤੇ ਦੀਨ ਆਜਜ਼ ਆਤੁਰ ਹੋਈ ਰਹਿੰਦੀ ਹੈ, ਬਦਨ ਚਿਹਰਾ ਬਿਲਖ ਬ੍ਯਾਕੁਲ ਬਿਸੂਰਤ = ਝੋਰੇ ਮਾਰ੍ਯਾ ਦਿਸ੍ਯਾ ਕਰਦਾ ਹੈ। ਚਾਹੇ ਘਰ ਵਿਚ ਹੀ ਮੌਜੂਦ ਹੁੰਦੀ ਹੈ ਪਰ ਓਸ ਨੂੰ ਘਰ ਡਰੌਣਾ ਲਗਿਆ ਕਰਦਾ ਹੈ।
ਤਿਸੀ ਪ੍ਰਕਾਰ ਸਾਧ ਸੰਗਤ ਤੋਂ ਵਿਛੜੇ ਹੋਏ ਗੁਰਸਿੱਖ ਦੇ ਜੀਊਨ ਦਾ ਸਤਿਸੰਗਤ ਬਿਨਾਂ ਹੋਰ ਕੋਈ ਉਪਾਵ ਨਹੀਂ ਹੈ ॥੫੧੪॥