ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 258


ਜੈਸੇ ਕਾਚੋ ਪਾਰੋ ਮਹਾ ਬਿਖਮ ਖਾਇਓ ਨ ਜਾਇ ਮਾਰੇ ਨਿਹਕਲੰਕ ਹੁਇ ਕਲੰਕਨ ਮਿਟਾਵਈ ।

ਜਿਸ ਪ੍ਰਕਾਰ ਕੱਚਾ ਪਾਰਾ ਮਹਾਂ ਬਿਖਮ ਭਾਰਾ ਦੁਖਦਾਈ ਹੁੰਦਾ ਹੈ ਤੇ ਖਾਧਾ ਨਹੀਂ ਜਾ ਸਕਦਾ, ਪਰ ਓਹੋ ਹੀ ਬਿਧੀ ਪੂਰਬਕ ਮਾਰਿਆ ਹੋਇਆ ਨਿਹਕਲੰਕ ਸ਼ੁਧ ਨਿਰਮੈਲ ਬਣ ਕੇ, ਸਾਰੇ ਕਲੰਕਨ ਰੋਗਾਂ ਵਾ ਪਾਪਾਂ ਦੇ ਮਿਟਾਣਸ਼ ਵਾਲਾ ਹੋ ਜਾਇਆ ਕਰਦਾ ਹੈ।

ਤੈਸੇ ਮਨ ਸਬਦ ਬੀਚਾਰਿ ਮਾਰਿ ਹਉਮੈ ਮੋਟਿ ਪਰਉਪਕਾਰੀ ਹੁਇ ਬਿਕਾਰਨ ਘਟਾਵਈ ।

ਤਿਸੀ ਪ੍ਰਕਾਰ ਮਨ ਨੂੰ ਸ਼ਬਦ ਵਿਖੇ ਬੀਚਾਰਿ ਵਰਤਾ ਕੇ ਪ੍ਰਵਿਰਤ ਕਰ ਕੇ ਮਾਰ ਸਿੱਟੀਏ ਭਾਵ, ਇਸ ਦੀਆਂ ਬਾਸਨਾਂ ਨਿਵਿਰਤ ਕਰ ਦੇਈਏ ਤਾਂ ਹਊਮੇਂ ਦੀ ਮੈਲ ਨੂੰ ਮੇਟ ਕੇ ਇਹ ਭੀ ਸ਼ੁਧ ਸੁਭਾਵ ਪਰਉਪਕਾਰੀ ਬਣ ਜਾਇਆ ਕਰਦਾ ਹੈ, ਤੇ ਵਿਕਾਰਾਂ ਨੂੰ ਘਟਾ ਦਿੰਦਾ ਦੂਰ ਕਰ ਦਿੰਦਾ ਹੈ, ਅਥਵਾ ਹੋਰਨਾਂ ਸਮੀਪ ਆਇਆਂ ਨੂੰ ਨਿਰਵਿਕਾਰ ਬਣਾਨ ਲਈ ਸਮਰੱਥ ਹੋ ਜਾਂਦਾ ਹੈ।

ਸਾਧੁਸੰਗਿ ਅਧਮੁ ਅਸਾਧੁ ਹੁਇ ਮਿਲਤ ਚੂਨਾ ਜਿਉ ਤੰਬੋਲ ਰਸੁ ਰੰਗੁ ਪ੍ਰਗਟਾਵਈ ।

ਹੋਰ ਦ੍ਰਿਸ਼ਟਾਂਤ ਦੇ ਕੇ ਅਪਣੇ ਪੱਖ ਨੂੰ ਅਧਿਕ ਪੁਸ਼ਟ ਕਰਦੇ ਹਨ: ਜੀਕੂੰ ਕੋਈ ਪੁਰਖ ਅਧਮ ਨੀਚ ਪਾਂਬਰ ਅਰੁ ਅਸਾਧ ਨਾ ਸਧ ਸਕਨ ਜੋਗ ਹਠ ਧਰਮੀ ਭੀ ਹੋਵੇ, ਪਰ ਸਤਿਸੰਗ ਵਿਚ ਮਿਲਦੇ ਸਾਰ ਹੀ ਪਾਨ ਚੂਨੇ ਆਦਿ ਦੇ ਮਿਲ ਪੈਂਦਿਆਂ ਹੀ ਲਾਲ ਗੁਲਾਲ ਰੰਗ ਪ੍ਰਗਟਾਨ ਵਤ ਅੰਤਰੀਵੀ ਰੰਗ ਪ੍ਰੇਮ ਨੂੰ ਪ੍ਰਗਟ ਕਰ ਲੈਂਦਾ ਹੈ।

ਤੈਸੇ ਹੀ ਚੰਚਲ ਚਿਤ ਭ੍ਰਮਤ ਚਤੁਰ ਕੁੰਟ ਚਰਨ ਕਮਲ ਸੁਖ ਸੰਪਟ ਸਮਾਵਈ ।੨੫੮।

ਤੀਕੂੰ ਦਾ ਹਾਲ ਹੀ ਚਾਰੋਂ ਕੁੰਟਾਂ ਵਿਖੇ ਭਟਕਦੇ ਹੋਏ ਚੰਚਲ ਚਿੱਤ ਦਾ ਸਮਝੋ ਕਿ ਸਤਿਗੁਰਾਂ ਦੇ ਚਰਣ ਕਮਲਾਂ ਵਿਖੇ ਝੁਕਦੇ ਸਾਰ ਹੀ ਸੁਖ ਸੰਪੁਟ ਵਿਖੇ ਲੀਨ ਹੋ ਜਾਂਦਾ ਹੈ ॥੨੫੮॥


Flag Counter