ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 191


ਹਉਮੈ ਅਭਿਮਾਨ ਕੈ ਅਗਿਆਨਤਾ ਅਵਗਿਆ ਗੁਰ ਨਿੰਦਾ ਗੁਰ ਦਾਸਨ ਕੈ ਨਾਮ ਗੁਰਦਾਸ ਹੈ ।

ਅਗਿਆਨਤਾਈ ਅਨਜਾਣਤਾ ਕਰ ਕੇ ਹਉਮੈ ਪ੍ਰਗਟ ਹੰਕਾਰ ਤਥਾ ਅਭਿਮਾਨ ਸੂਖਮ ਹੰਕਾਰ ਅਪਣੇ ਅੰਦਰ ਧਾਰ ਕੇ ਮੈਂ ਗੁਰੂ ਮਹਾਰਾਜ ਜੀ ਦੀ ਅਵਗਿਆ ਨਿਰਾਦਰੀ ਕਰਣ ਹਾਰਾ ਹਾਂ। ਗਰੂ ਤੋਂ ਬੇਮੁਖ ਹੋ ਨੱਠ ਪੈਣ ਵਾਲਾ ਹੋਣ ਕਾਰਣ ਅਤੇ ਗੁਰੂ ਦੇ ਜਿਹੜੇ ਸੱਚੇ ਸੇਵਕ ਪੂਰਣ ਭਰੋਸੇ ਵਾਲੇ ਅਪਣੇ ਚਿੱਤ ਦੇ ਸੱਚੇ ਭਾਵਾਂ ਨੂੰ ਪ੍ਰਗਟ ਕਰਣ ਹਾਰੇ ਸਨ, ਓਨਾਂ ਦੀ ਨਿੰਦ੍ਯਾ ਕਰਣ ਹਾਰਾ ਭਾਵ, ਕੱਚੇ ਡੋਲਦੇ ਹਨ ਇਉਂ ਆਖ ਕੇ ਓਨਾਂ ਦੀ ਹਾਲਤ ਕਰਨ ਵਾਲਾ ਹਾਂ ਤੇ ਨਾਮ ਮੇਰਾ ਗੁਰਦਾਸ ਹੈ ਭਾਵ ਫੋਕਾ ਨਾਮ ਹੀ ਨਾਮ ਹੈ।

ਮਹੁਰਾ ਕਹਾਵੈ ਮੀਠਾ ਗਈ ਸੋ ਕਹਾਵੈ ਆਈ ਰੂਠੀ ਕਉ ਕਹਤ ਤੁਠੀ ਹੋਤ ਉਪਹਾਸ ਹੈ ।

ਬਿਲਕੁਲ ਇਹ ਓਕੂੰ ਹੀ ਉਲਟੀ ਗੱਲ ਹੈ ਜੀਕੂੰ ਕਿ ਸੰਸਾਰ ਅੰਦਰ, ਹੈ ਤਾਂ ਮਹੁਰਾ ਮਰ ਸਿੱਟਨ ਵਾਲਾ, ਪਰ ਨਾਮ ਓਸ ਦਾ ਗ੍ਰੰਥਾਂ ਪੋਥੀਆਂ ਅਰੁ ਵੈਦਾਂ ਅੰਦਰ ਪ੍ਰਸਿਧ ਹੈ ਮਿੱਠਾ ਸਿੰਗੀਆ ਵਿਖ ਅਤੇ ਅੱਖ ਤਾਂ ਗਈ ਵਰਗੀ ਹੋ ਰਹੀ ਹੁੰਦੀ ਹੈ ਤੇ ਆਖਦੇ ਹਨ ਓਸ ਨੂੰ ਆ ਗਈ ਤਥਾ ਕੁਦਰਤ ਮਾਤਾ ਤਾਂ ਸੀਤਲਾ ਦੇ ਰੂਪ ਵਿਚ ਪ੍ਰਤੱਖ ਰੁੱਸੀ ਪਈ ਦਿਸ੍ਯਾ ਕਰਦੀ ਹੈ ਤੇ ਆਖੀ ਜਾਯਾ ਕਰਦੇ ਹਨ ਮਾਤਾ ਤੁਠੀ ਹੋਈ ਹੈ ਬਿਲਕੁਲ ਇਸ ਹਾਸੋ ਹੀਣੇ ਵਰਤਾਰੇ ਮੂਜਬ ਹੀ ਮੇਰਾ ਨਾਮ ਭੀ ਗੁਰਦਾਸ ਹੈ।

ਬਾਂਝ ਕਹਾਵੈ ਸਪੂਤੀ ਦੁਹਾਗਨਿ ਸੁਹਾਗਨਿ ਕੁਰੀਤਿ ਸੁਰੀਤਿ ਕਾਟਿਓ ਨਕਟਾ ਕੋ ਨਾਸ ਹੈ ।

ਬੰਧਿਆ ਸੰਢ ਨਿਪੁੱਤੀ ਨੂੰ ਕਹਿਣ ਮਾਤ੍ਰ ਵਿਚ ਸਪੁੱਤੀ ਆਖਦੇ ਹਨ: ਦੁਹਾਗਨਿ ਦੋਹਾਂ ਦੇ ਅਗੇ ਹੋਣ ਵਾਲੀ ਵਾ ਦੋਹਾਂ ਨੂੰ ਮਨ ਵਿਚ ਚਿੰਤਨ ਵਾਲੀ ਬਿਭਚਾਰਨ ਹੋਵੇ ਤਾਂ ਧਰੇਲ ਪਰ, ਆਖਨ ਵਿਚ ਕਹੀ ਜਾਂਦੀ ਹੈ ਸੁਹਾਗਨਿ ਐਸਾ ਹੀ ਗਰਭਨੀ ਦੀਆਂ ਰੀਤਾਂ ਹੈਨ, ਤਾਂ ਓਸ ਵਿਚਾਰੀ ਨੂੰ ਭੰਡਨ ਵਾਲੀਆਂ ਪਰ ਨਾਮ ਰੱਖ ਛਡਿਆ ਹੈ ਓਨਾਂ ਦਾ ਰੀਤਾਂ ਕੁਲਾਚਾਰੀ ਰੀਤੀ, ਅਰੁ ਨੱਕ ਵੱਢੇ ਨੂੰ ਕਿਹਾ ਜਾਂਦਾ ਹੈ ਨਾਸਾਂ ਵਾਲਾ।

ਬਾਵਰੋ ਕਹਾਵੈ ਭੋਰੋ ਆਂਧਰੈ ਕਹੈ ਸੁਜਾਖੋ ਚੰਦਨ ਸਮੀਪ ਜੈਸੇ ਬਾਸੁ ਨ ਸੁਬਾਸ ਹੈ ।੧੯੧।

ਬੌਰੇ ਸੁਦਾਈ ਨੂੰ ਭੋਲਾ ਲੋਕ ਆਖਦੇ ਹਨ, ਤੇ ਅੰਨੇ ਨੂੰ ਸੁਜਾਖਾ ਸੂਰਮਾਂ ਪੰਜ ਅੱਖਾ ਕਰ ਕੇ ਸੱਦਦੇ ਹਨ ਜਿਸ ਤਰ੍ਹਾਂ ਇਹ ਅਲੋਕਾਰ ਦਾ ਕਹਿਣਾ ਹੈ, ਇਸੇ ਤਰ੍ਹਾਂ ਹੀ ਗੁਰੂ ਦੇ ਸਮੀਪ ਰਹਿ ਕੇ ਭੀ ਚੰਦਨ ਦੇ ਸਮੀਪੀ ਹੋ ਕੇ ਭੀ ਵਾਂਸ ਦੇ ਸੁਗੰਧੀਓਂ ਸੱਖਨੇ ਰਹਿਣ ਵਤ ਮੈਨੂੰ ਗੁਰਦਾਸ ਨਾਮ ਵਾਲੇ ਨੂੰ ਸਮਝੋ ਇਹ ਭਾਵ ਹੈ ॥੧੯੧॥


Flag Counter