ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 160


ਜੈਸੇ ਚਕਈ ਮੁਦਿਤ ਪੇਖਿ ਪ੍ਰਤਿਬਿੰਬ ਨਿਸਿ ਸਿੰਘ ਪ੍ਰਤਿਬਿੰਬ ਦੇਖਿ ਕੂਪ ਮੈ ਪਰਤ ਹੈ ।

ਜਿਸ ਭਾਂਤ ਚਕਵੀ ਨਿਸਿ ਰਾਤਰੀ ਸਮੇਂ ਪ੍ਰਤਿਬਿੰਬ ਅਪਣੇ ਪ੍ਰਛਾਵੇਂ ਨੂੰ ਨਦੀ ਵਿਚ ਪੇਖ ਤੱਕ ਕੇ ਮੁਦਿਤ ਪ੍ਰਸੰਨ ਹੋਯਾ ਕਰਦੀ ਹੈ, ਓਸੇ ਹੀ ਪ੍ਰਸੰਨਤਾ ਪ੍ਰਾਪਤੀ ਦੇ ਕਾਰਣ ਸਰੂਪ ਪ੍ਰਤਿਬਿੰਬ ਨੂੰ ਸ਼ੇਰ ਦੇਖ ਕੇ ਅਵਿਦ੍ਯਾ ਦੇ ਅਧੀਨ ਅਗੇ ਖੂਹ ਨਾ ਸਮਝ ਓਸ ਨੂੰ ਸ਼ੇਰ ਦੀ ਖੱਡ ਤੇ ਪ੍ਰਛਾਵੇਂ ਅਪਣੇ ਨੂੰ ਦੂਆ ਸ਼ੇਰ ਜਾਣ ਕੇ ਉਸ ਉਪਰ ਕੁਦਨ ਲਗਿਆਂ ਖੂਹ ਵਿਚ ਡਿਗ ਪੈਂਦਾ ਹੈ।

ਜੈਸੇ ਕਾਚ ਮੰਦਰ ਮੈ ਮਾਨਸ ਅਨੰਦਮਈ ਸ੍ਵਾਨ ਪੇਖਿ ਆਪਾ ਆਪੁ ਭੂਸ ਕੈ ਮਰਤ ਹੈ ।

ਜਿਸ ਪ੍ਰਕਾਰ ਕੱਚ ਦੇ ਮੰਦਰ ਸ਼ੀਸ਼ ਮਹਲ ਅੰਦਰ ਸਾਰੇ ਪਾਸੀਂ ਅਪਣੇ ਹੀ ਸਰੂਪ ਨੂੰ ਦੇਖ ਦੇਖ ਕੇ ਮਨੁੱਖ ਅਪਨੇ ਆਪ ਨੂੰ ਅਨੰਦਮਈ ਸੁਖ ਵਿਚ ਮਗਨ ਸੁਖ ਸਰੂਪੀ ਅਨਭਉ ਕਰ੍ਯਾ ਕਰਦਾ ਹੈ। ਓਸੇ ਹੀ ਸ਼ੀਸ਼ ਮਹਲ ਅੰਦਰ ਕੁੱਤਾ ਅਪਨੇ ਆਪ ਨੂੰ ਤੱਕ ਕੇ ਅਗਿਆਨ ਵੱਸ਼੍ਯ ਬ੍ਯੰਤ ਕੁੱਤੇ ਸਮਝ ਭੌਂਕ ਕੇ ਹੀ ਮਰ ਜਾਂਦਾ ਹੈ।

ਜੈਸੇ ਰਵਿ ਸੁਤਿ ਜਮ ਰੂਪ ਅਉ ਧਰਮਰਾਇ ਧਰਮ ਅਧਰਮ ਕੈ ਭਾਉ ਭੈ ਕਰਤ ਹੈ ।

ਜਿਸ ਤਰ੍ਹਾਂ ਸੂਰਜ ਦਾ ਪੁੱਤਰ ਧਰਮ ਕੈ ਧਰਮ ਕਾਰਣ ਕਰ ਕੇ ਧਰਮੀਆਂ ਲਈ ਧਰਮਰਾਜ ਰੂਪ ਹੋ ਕੇ ਭਾਉ ਪ੍ਰੇਮ ਕਰਿਆ ਕਰਦਾ ਹੈ, ਅਤੇ ਅਧਰਮ ਕੈ ਅਧਰਮ ਪਾਪ ਕਾਰਣ ਕਰ ਕੇ ਪਾਪੀਆਂ ਵਾਸਤੇ ਜਮ ਰੂਪ ਜਮਦੂਤਾਂ ਦਾ ਰਾਜਾ ਭ੍ਯਾਨਕ ਸਰੂਪ ਬਣ ਕੇ ਭੈ ਡਰ ਉਪਜਾਯਾ ਕਰਦਾ ਹੈ। ਅਰਥਾਤ ਪ੍ਰਤਿਬਿੰਬ ਪਰਛਾਵੇਂ ਵਤ ਭੌਣੀ ਦ੍ਵਾਰੇ ਹੀ ਸੁਖ ਦੁਖ ਦੀ ਉਤਪੱਤੀ ਦਾ ਕਾਰਣ ਹੋਣ ਸਮਾਨ ਇਹ ਭੀ ਇਕੋ ਹੀ ਅੱਡ ਅੱਡ ਸਰੂਪ ਹੋ ਭਾਸਿਆ ਕਰਦਾ ਹੈ।

ਤੈਸੇ ਦੁਰਮਤਿ ਗੁਰਮਤਿ ਕੈ ਅਸਾਧ ਸਾਧ ਆਪਾ ਆਪੁ ਚੀਨਤ ਨ ਚੀਨਤ ਚਰਤ ਹੈ ।੧੬੦।

ਤਿਸੀ ਪ੍ਰਕਾਰ ਦੁਰਮਤਿ ਦੁਸ਼੍ਟ ਬੁਧੀ ਕੈ ਕਰ ਕੇ ਅਸਾਧ ਭੈੜਾ ਮਨੁੱਖ ਮਨਮੁਖ ਅਪਨੇ ਆਪ ਸਰੂਪ ਨੂੰ ਨਹੀਂ ਪਛਾਣਦਾ ਹੈ, ਅਰੁ ਗੁਰਮਤਿ ਕੈ ਸਾਧ ਗੁਰਮਤ ਦੇ ਕਾਰਣ ਸਾਧ ਸ੍ਰੇਸ਼ਟ ਪੁਰਖ ਚੀਨਤ ਚਰਤ ਹੈ ਪਛਾਣਿਆ ਕਰਦਾ ਹੈ ਇਸ ਰਚਨਾ ਚਲਿਤਰ ਨੂੰ ਜ੍ਯੋਂ ਕਾ ਤ੍ਯੋਂ ਭਾਵ ਮੰਦ ਮਤਿ ਵਾਲਾ ਮਨਮੁੱਖ, ਅਗਿਆਨ ਗ੍ਰਸਤ ਸਿੰਘ, ਅਰੁ ਕੁੱਤੇ ਸਮਾਨ ਦ੍ਵੈਤ ਭਾਵੀ ਅਨੇਕਤਾ ਦੇਖਕੇ ਜਨਮ ਮਰਣ ਨੂੰ ਪ੍ਰਾਪਤ ਹੋਯਾ ਕਰਦੇ ਹਨ, ਤੇ ਗੁਰਮੁਖ ਜਨ ਸਾਧੂ ਪੁਰਖ ਸੰਸਾਰ ਨੂੰ ਸ਼ੀਸ਼ ਮਹਲ ਵਤ ਅਪਣੇ ਵਾਸਤਵ ਅਦੁਤੀ ਅਕਾਲੀ ਸਰੂਪ ਨੂੰ ਅਨਹੋਏ ਅਨੰਤ ਰੂਪਾਂ ਦੇ ਦਿਖਾਣ ਦਾ ਕਾਰਣ ਜਾਣ ਕੇ ਜ੍ਯੋਂ ਕਾ ਤ੍ਯੋਂ ਇਕ ਮਾਤ੍ਰ ਅਪਣੇ ਆਪ ਨੂੰ ਹੀ ਤਕਿਆ ਕਰਦੇ ਹਨ ॥੧੬੦॥


Flag Counter