ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 621


ਲੋਚਨ ਕ੍ਰਿਪਨ ਅਵਲੋਕਤ ਅਨੂਪ ਰੂਪ ਪਰਮ ਨਿਧਾਨ ਜਾਨ ਤ੍ਰਿਪਤਿ ਨ ਆਈ ਹੈ ।

ਮੇਰੇ ਨੈਣ ਕੰਜੂਸ ਹਨ ਤੇ ਇਲ੍ਹਾਂ ਨੇ ਗੁਰੂ ਦਰਸ਼ਨ ਨੂੰ ਪਰਮ ਨਿਧਾਨ ਭੀ ਜਾਣ ਲਿਆ ਹੈ, ਪਰ ਸ਼ੂਮ ਹੋਣ ਕਰ ਕੇ ਉਸ ਅਤਿ ਸੁੰਦਰ ਰੂਪ ਨੂੰ ਦੇਖਦੇ ਹਨ, ਪਰ ਤ੍ਰਿਪਤੀ ਨਹੀਂ ਪਾਉਂਦੇ।

ਸ੍ਰਵਨ ਦਾਰਿਦ੍ਰੀ ਮੁਨ ਅੰਮ੍ਰਿਤ ਬਚਨ ਪ੍ਰਿਯ ਅਚਵਤਿ ਸੁਰਤ ਪਿਆਸ ਨ ਮਿਟਾਈ ਹੈ ।

ਮੇਰੇ ਕੰਨ ਕੰਗਾਲ ਹਨ ਪਿਆਰੇ ਦੇ ਬਚਨ ਅੰਮ੍ਰਿਤ ਹਨ,ਉਨ੍ਹਾਂ ਨੂੰ ਸੁਣਦੇ ਹੋਏ ਮਾਨੋ ਇਹ ਅੰਮ੍ਰਿਤ ਪੀਂਦੇ ਹਨ, ਪਰ ਹੋਰ ਪੀਣ ਦੀ ਸੁਰਤ ਦੀ ਪਿਆਸ ਨਹੀਂ ਮਿਟਦੀ।

ਰਸਨਾ ਰਟਤ ਗੁਨ ਗੁਰੂ ਅਨਗ੍ਰੀਵ ਗੂੜ ਚਾਤ੍ਰਿਕ ਜੁਗਤਿ ਗਤਿ ਮਤਿ ਨ ਅਘਾਈ ਹੈ ।

ਜੀਭ ਸਭ ਤੋਂ ਮੁਖੀ ਗੁਰੂ ਦੇ ਗੂੜ੍ਹੇ ਗੁਣਾਂ ਨੂੰ ਰਟਦੀ ਹੈ, ਪਰ ਪਪੀਹੇ ਦੀ ਜੁਗਤੀ ਵਾਂਗ ਉਸ ਦੀ ਮਤਵਾਲ ਰੱਜਦੀ ਨਹੀਂ।

ਪੇਖਤ ਸੁਨਤਿ ਸਿਮਰਤਿ ਬਿਸਮਾਦ ਰਸਿ ਰਸਿਕ ਪ੍ਰਗਾਸੁ ਪ੍ਰੇਮ ਤ੍ਰਿਸਨਾ ਬਢਾਈ ਹੈ ।੬੨੧।

ਦੇਖਦਿਆਂ, ਸੁਣਦਿਆਂ, ਸਿਮਰਦਿਆਂ ਮੇਰੇ ਰਸੀਏ ਮਨ ਉਤੇ ਵਿਸਮਾਦ ਰਸ ਪ੍ਰਕਾਸ਼ ਪਾ ਰਿਹਾ ਹੈ। ਪਰ ਪ੍ਰੇਮ ਹੋਰ ਹੋਰ ਵਿਸਮਾਦੀ ਰਸ ਲੈਣ ਦੀ ਤ੍ਰਿਸ਼ਨਾ ਨੂੰ ਵਧਾ ਰਿਹਾ ਹੈ ॥੬੨੧॥