ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 88


ਗੁਰਸਿਖ ਸਾਧਸੰਗ ਰੰਗ ਮੈ ਰੰਗੀਲੇ ਭਏ ਬਾਰਨੀ ਬਿਗੰਧ ਗੰਗ ਸੰਗ ਮਿਲਿ ਗੰਗ ਹੈ ।

ਗੁਰੂ ਕਿਆਂ ਸਿੱਖਾਂ ਦੀ ਸਾਧਸੰਗ ਸਤਸੰਗਤ ਅਥਵਾ ਗੁਰੂ ਕੇ ਸਿੱਖ ਸੰਤ ਜੋ ਹਨ, ਓਨਾਂ ਦੇ ਸੰਗ ਸਤਸੰਗ ਵਿਚ ਪੁਰਖ ਰੰਗ ਮੈ ਪ੍ਰੇਮ ਮਈ ਰੰਗੀਲਾ ਰੰਗ ਰੱਤਾ ਪ੍ਰੇਮੀ ਬਣ ਜਾਂਦਾ ਹੈ ਜੀਕੂੰ ਬਿਗੰਧ ਬਾਰੁਨੀ ਦੁਰਗੰਧ ਬਦਬੂ ਮਾਰੀ ਸ਼ਰਾਬ ਗੰਗਾ ਸੰਗ ਗੰਗਾ ਦੇ ਪ੍ਰਵਾਹ ਵਿਚ ਮਿਲ ਕੇ ਗੰਗਾ ਰੂਪ ਹੋ ਜਾਯਾ ਕਰਦੀ ਹੈ।

ਸੁਰਸੁਰੀ ਸੰਗਮ ਹੁਇ ਪ੍ਰਬਲ ਪ੍ਰਵਾਹ ਲਿਵ ਸਾਗਰ ਅਥਾਹ ਸਤਿਗੁਰ ਸੰਗ ਸੰਗਿ ਹੈ ।

ਜਿਸ ਪ੍ਰਕਾਰ ਗੰਗਾ ਦੇ ਸੰਗਮ ਮੇਲ ਵਿਖੇ ਪ੍ਰਬਲ ਬੇਗਵਾਨ ਪ੍ਰਵਾਹ ਵਿਚ ਲਿਵ ਲੀਨ ਹੋ ਵੁਹ ਓੜਕ ਨੂੰ ਅਥਾਹ ਸਮੁੰਦਰ ਵਿਚ ਜਾ ਮਿਲਿਆ ਕਰਦੀ ਹੈ ਇਸੇ ਪ੍ਰਕਾਰ ਸਤਿਗੁਰਾਂ ਦੇ ਸਗ ਗੁਰੂ ਦਿਆਂ ਸਿੱਖਾਂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਓਸ ਸਤਿਗੁਰੂ ਦੇ ਸੰਗ ਸਾਖ੍ਯਾਤ ਮਲ ਨੂੰ ਪ੍ਰਾਪਤ ਹੋ ਜਾਂਦਾ ਹੈ।

ਚਰਨ ਕਮਲ ਮਕਰੰਦ ਨਿਹਚਲ ਚਿਤ ਦਰਸਨ ਸੋਭਾ ਨਿਧਿ ਲਹਰਿ ਤਰੰਗ ਹੈ ।

ਅਰੁ ਫਿਰ ਸਤਿਗੁਰਾਂ ਦੇ ਚਰਣ ਕਮਲਾਂ ਦੀ ਮਕਰੰਦ ਧੂਲੀ ਨਾਲ ਪ੍ਰੇਮ ਕਰਦੇ ਹੋਏ ਦਾ ਚਿੱਤ ਨਿਹਚਲ ਕੇ ਲਹਿ +ਰਤ +ਰੰਗ ਹੈ ਲੈ ਲੈਂਦਾ ਹੈ ਪ੍ਰਾਪਤ ਕਰ ਲੈਂਦਾ ਹੈ, ਲਾਲ ਗੁਲਾਲ ਪ੍ਰੇਮ ਦੀ +ਰੰਗਨ ਵਾ ਤਾਰ ਨੂੰ ਅਥਵਾ ਲਹਿਰਤ ਰੰਗ ਹੈ ਪ੍ਰੇਮ ਦੀ ਤਾਰ ਓਸ ਦੇ ਅੰਦਰ ਲਹਿਰਾਂ ਮਾਰਣ ਲਗ ਪੈਂਦੀ ਹੈ। ਭਾਵ ਅੰਤਰ ਮੁਖ ਲਿਵ ਵਾਹਿਗੁਰੂ ਵਿਖੇ ਜੁੱਟ ਪੈਂਦੀ ਹੈ,

ਅਨਹਦ ਸਬਦ ਕੈ ਸਰਬਿ ਨਿਧਾਨ ਦਾਨ ਗਿਆਨ ਅੰਸ ਹੰਸ ਗਤਿ ਸੁਮਤਿ ਸ੍ਰਬੰਗ ਹੈ ।੮੮।

ਜਿਸ ਕਰ ਕੇ ਅਨਹਦ ਸ਼ਬਦ ਦੀ ਧੁਨੀ ਕਰ ਕੇ ਧੁਨੀ ਦੇ ਸਹਾਰੇ ਸਰਬ ਨਿਧਾਨ ਦਾਨ ਸੰਪੂਰਨ ਨਿਧੀਆਂ ਦਾ ਦਾਨ ਦੇਣਹਾਰਾ ਜੋ ਵਾਹਿਗੁਰੂ ਹੈ ਓਸ ਦਾ ਗਿਆਨ ਰੂਪੀ ਹੰਸ ਸੂਰਜ ਅੰਸਗਤਿ ਕਿਰਣਾਂ ਦੀ ਤਰਾਂ ਓਸ ਦੇ ਅੰਦਰ ਪ੍ਰਕਾਸ਼ ਰੂਪ ਸੰਚਾਰ ਪਾ ਕੇ ਸੁਮਤਿ ਸ੍ਰਬੰਗ ਹੈ ਸ੍ਰੇਸ਼ਟ ਮਤਿ ਆਤਮਾ ਕਾਰ ਬਿਰਤੀ ਰੂਪ ਧੁੱਪ ਰੋਮ ਰੋਮ ਵਿਚ ਰਚਾ ਦਿੰਦਾ ਹੈ। ਅਥਵਾ ਹੰਸ ਸੂਰਯ ਦੀਆਂ +ਅੰਸ ਕਿਰਣਾਂ ਦੀ ਗਤਿ ਦਸ਼ਾ ਵਿਚ, ਅਰਥਾਤ ਓਨਾਂ ਦੇ ਸਮਾਨ ਗਿਆਨ ਔ ਸੁਮਤਿ ਜਾਣ ਤਥਾ ਪਛਾਨ ਪ੍ਰਾਪਤ ਹੋ ਔਂਦੀ ਹੈ, ਸਰਬੰਗ ਸਰਬ ਸਰੂਪੀ ਵਾਹਿਗੁਰੂ ਦੀ ਭਾਵ ਓਸ ਦੇ ਰੋਮ ਰੋਮ ਵਿਖੇ ਕਲਾ ਵਾਹਿਗੁਰੂ ਦੀ ਵਰਤ ਜਾਇਆ ਕਰਦੀ ਹੈ ॥੮੮॥


Flag Counter