ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 239


ਜੈਸੇ ਤਉ ਕੁਚੀਲ ਪਵਿਤ੍ਰਤਾ ਅਤੀਤ ਮਾਖੀ ਰਾਖੀ ਨ ਰਹਿਤ ਜਾਇ ਬੈਠੇ ਇਛਾਚਾਰੀ ਹੈ ।

ਤਉ ਫੇਰ ਜੀਕੂੰ ਮੱਖੀ ਪਵਿਤ੍ਰਤਾ ਤੋਂ ਰਹਿਤ ਕੁਚੀਲ ਗੰਦੀ ਹੁੰਦੀ ਹੈ, ਅਤੇ ਹਟਾਈ ਹੋਈ ਨਹੀਂ ਹਟਕੀ ਰਹਿੰਦੀ ਸਗੋਂ ਇਛਾਚਾਰੀ ਆਪ ਹੁਦਰੀ ਹੋਈ ਬਦੋ ਬਦੀ ਹੀ ਉਥੇ ਜਾ ਬੈਠਿਆ ਕਰਦੀ ਹੈ ਏਕੂੰ ਹੀ ਅਨਅਧਿਕਾਰੀ ਕਪਟ ਚਾਲੀਏ ਲੋਕ ਭੀ ਬਦੋ ਬਦੀ ਹੀ ਸਤਿਸੰਗ ਅੰਦਰ ਆਨ ਘੁਸਿਆ ਕਰਦੇ ਹਨ ਤੇ ਰੋਕੇ ਨਹੀਂ ਰੁਕਿਆ ਕਰਦੇ।

ਪੁਨਿ ਜਉ ਅਹਾਰ ਸਨਬੰਧ ਪਰਵੇਸੁ ਕਰੈ ਜਰੈ ਨ ਅਜਰ ਉਕਲੇਦੁ ਖੇਦੁ ਭਾਰੀ ਹੈ ।

ਉਪ੍ਰੰਤ ਜੇਕਰ ਭੋਜਨ ਨਾਲ ਉਹ ਕਿਤੇ ਅੰਦਰ ਪ੍ਰਵੇਸ਼ ਕਰ ਜਾਵੇ ਲੰਘ ਜਾਇ ਤਾਂ ਅਜਰ ਅਪਚ ਹੋਣ ਕਾਰਣ ਜਰੈ ਨ ਪਚ ਨਹੀਂ ਸਕਿਆ ਕਰੀ ਸਗੋਂ ਉਲਟਾ ਉਸ ਖਾਧੇ ਪੀਤੇ ਨੂੰ ਭੀ ਉਕਲੇਦ ਬਾਹਰ ਉਛਾਲ ਕੇ ਭਾਰੀ ਖੇਦ ਦਿੱਤਾ ਕਰਦੀ ਹੈ ਸੋ ਕਪਟੀ ਸਤਸੰਗੀ ਭੀ ਸਤਸੰਗ ਵਿਚੋਂ ਉਪਦੇਸ਼ ਸੁਣ ਕਦਾਚਿਤ ਕ੍ਰਿਪਾ ਪਾਤ੍ਰ ਅਧਿਕਾਰੀਆਂ ਅੰਦਰ ਆ ਧਸਨ, ਤਾਂ ਈਰਖਾ ਬਖੀਲੀ ਆਦਿ ਕਰਦਿਆਂ ਗੜਬੜ ਹੀ ਮਚਾ ਦਿੱਤਾ ਕਰਦੇ ਹਨ।

ਬਧਿਕ ਬਿਧਾਨ ਜਿਉ ਉਦਿਆਨ ਮੈ ਟਾਟੀ ਦਿਖਾਇ ਕਰੈ ਜੀਵ ਘਾਤ ਅਪਰਾਧ ਅਧਿਕਾਰੀ ਹੈ ।

ਬਧਿਕ ਫੰਧਕ ਸ਼ਿਕਾਰੀ ਸ਼ਿਕਾਰ ਸਬੰਧੀ ਬਿਧਾਨ ਵਾ ਮ੍ਰਯਾਦਾ ਚਾਲੇ ਵਾਕੂੰ ਜੀਕੂੰ ਉਜਾੜ ਵਿਚ ਧੋਖੇ ਦੀ ਟੱਟੀ ਦਿਖਾਲ ਕੇ ਉਹ ਜੀਵ ਘਾਤ ਕਰਿਆ ਕਰਦਾ ਤੇ ਅਪ੍ਰਾਧ ਦਾ ਭਾਗੀ ਹੁੰਦਾ ਹੈ। ਤੀਕੂੰ ਹੀ ਐਸੇ ਸਾਂਗ ਧਾਰੀ, ਆਪਣੇ ਆਪ ਨੂੰ ਗੁਰ ਸਿੱਖ ਵਾ ਸਾਧ ਦਿਖਾਲ ਕੇ ਕੇਵਲ ਲੋਕਾਂ ਨੂੰ ਠਗਿਆ ਹੀ ਕਰਦੇ ਹਨ ਅਰੁ ਉਸੇ ਤਰ੍ਹਾਂ ਅਪ੍ਰਾਧ ਕਾਰਣ ਜਮ ਦੰਡ ਰੂਪ ਸਜ਼ਾ ਦੇ ਭਾਗੀ ਹੁੰਦੇ ਹਨ।

ਹਿਰਦੈ ਬਿਲਾਉ ਅਰੁ ਨੈਨ ਬਗ ਧਿਆਨੀ ਪ੍ਰਾਨੀ ਕਪਟ ਸਨੇਹੀ ਦੇਹੀ ਅੰਤ ਹੁਇ ਦੁਖਾਰੀ ਹੈ ।੨੩੯।

ਏਨਾਂ ਕਪਟ ਸਨੇਹੀਆਂ ਦਿਖਾਵੇ ਦੇ ਪ੍ਰੇਮੀ ਪ੍ਰਾਣੀਆਂ ਮਨੁੱਖਾਂ ਦੇ ਹਿਰਦੇ ਤਾਂ ਚੂਹੇ ਲੋਚਾ ਵਾਲੀਆਂ ਬਿੱਲੀਆਂ ਵਾਲੇ ਗ੍ਰੀਬੀ ਸੁਭਾਵ ਵਾਲੇ ਹੁੰਦੇ ਹਨ ਤ ਨੇਤ੍ਰ ਏਨਾਂ ਦੇ ਬਗਲ ਸਮਾਧੀਏ ਐਹੋ ਜਿਹਾਂ ਦੇਹੀ ਦੇਹ ਧਾਰੀਆਂ ਦੀ ਦੇਹ ਅੰਤ ਨੂੰ ਜਦ ਕਦ ਦਖਿਆਰੀ ਹੀ ਹੋਵੇਗੀ ਭਾਵ ਓੜਕ ਸਿਰ ਇਨਾਂ ਨੂੰ ਕਸ਼ਟ ਹੀ ਭੋਗਨਾ ਪਊ ॥੨੩੯॥