ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 184


ਘੋਸਲਾ ਮੈ ਅੰਡਾ ਤਜਿ ਉਡਤ ਅਕਾਸਚਾਰੀ ਸੰਧਿਆ ਸਮੈ ਅੰਡਾ ਹੋਤਿ ਚੇਤਿ ਫਿਰਿ ਆਵਈ ।

ਪੰਛੀ ਜਿਸ ਤਰ੍ਹਾਂ ਆਲ੍ਹਨੇ ਵਿਚ ਆਂਡੇ ਨੂੰ ਛੱਡ ਕੇ ਉਡਾਰੀ ਲਾ ਜਾਯਾ ਕਰਦਾ ਹੈ। ਅਰੁ ਆਂਡੇ ਦੇ ਪ੍ਯਾਰ ਨੂੰ, ਚਿਤਾਰ ਕੇ ਉਹ ਸੰਧਿਆ ਤਿਕਾਲਾਂ ਵੇਲੇ ਮੁੜ ਘੌਂਸਲੇ ਵਿਚ ਆ ਜਾਯਾ ਕਰਦਾ ਹੈ।

ਤਿਰੀਆ ਤਿਆਗ ਸੁਤ ਜਾਤ ਬਨ ਖੰਡ ਬਿਖੈ ਸੁਤ ਕੀ ਸੁਰਤਿ ਗ੍ਰਿਹ ਆਇ ਸੁਖ ਪਾਵਈ ।

ਮਜੂਰ ਤੀਵੀਂ ਪੁਤ੍ਰ ਨੂੰ ਘਰ ਹੀ ਛੱਡ ਕੇ ਜੰਗਲ ਨੂੰ ਲਕੜੀਆਂ ਘਾਹ ਆਦਿ ਦੀ ਖਾਤਰ ਜਾਇਆ ਕਰਦੀ ਹੈ, ਤੇ ਕੰਮ ਕਾਰ ਤੋਂ ਵਿਹਲਿਆਂ ਹੋ ਪੁਤਰ ਦੀ ਸੁਰਤਿ ਯਾਦ ਸਫੁਰਤੀ ਕਾਰਣ ਮੁੜ ਘਰ ਆਨ ਸੁਖੀ ਹੋਯਾ ਕਰਦੀ ਹੈ।

ਜੈਸੇ ਜਲ ਕੁੰਡ ਕਰਿ ਛਾਡੀਅਤ ਜਲਚਰੀ ਜਬ ਚਾਹੇ ਤਬ ਗਹਿ ਲੇਤ ਮਨਿ ਭਾਵਈ ।

ਜਿਸ ਤਰ੍ਹਾਂ ਜਲ ਦਾ ਕੁੰਡ ਹੌਜ਼ ਬਣਾ ਕੇ ਮੱਛੀਆਂ ਨੂੰ ਜੀਉਂਦੇ ਰਹਿਣ ਖਾਤਰ ਛਡ ਰਖੀਦਾ ਹੈ, ਅਤੇ ਜਦੋਂ ਚਾਹੀਏ ਤਦੋਂ ਹੀ ਮਨ ਦੀ ਮੌਜ ਅਨੁਸਾਰ ਫੜ ਲਈਦੀਆਂ ਹਨ ਐਸੇ ਹੀ ਸੁਰਤ ਅੰਤਰ ਲਖ੍ਯ ਬੰਨ੍ਹ ਕੇ ਸਥਿਰ ਕਰ ਰਖੀਦੀ ਹੈ ਤੇ ਬਾਹਰਲੀ ਪ੍ਰਵਿਰਤੀ ਪਈ ਸਾਧੀਦੀ ਹੈ, ਪ੍ਰੰਤੂ ਜਦ ਪ੍ਰਵਿਰਤੀ ਦੇ ਕਲੇਸ਼ ਆਦਿ ਕਿਸੇ ਕਾਰਣ ਨੂੰ ਤੱਕ ਕੇ ਗੁਰਮੁਖ ਚੌਂਹਦੇ ਹਨ, ਤਦ ਹੀ ਮੌਜ ਮਾਤ੍ਰ ਤੇ ਧਿਆਨ ਵਿਚ ਅਡੋਲ ਟਿਕਾ ਲਿਆ ਕਰਦੇ ਹਨ।

ਤੈਸੇ ਚਿਤ ਚੰਚਲ ਭ੍ਰਮਤ ਹੈ ਚਤੁਰ ਕੁੰਟ ਸਤਿਗੁਰ ਬੋਹਿਥ ਬਿਹੰਗ ਠਹਰਾਵਈ ।੧੮੪।

ਤਿਸੀ ਪ੍ਰਕਾਰ ਹੀ ਚਿੱਤ ਚੰਚਲ ਸੁਭਾਵ ਵਾਲਾ ਚਾਰੋਂ ਕੁੰਟਾਂ ਪੂਰਬ ਪਛਮ ਉੱਤਰ ਦੱਖਣ ਵਿਖੇ ਭਟਕਦਾ ਰਹਿੰਦਾ ਹੈ, ਅਰਥਾਤ ਕਦੀ ਪੂਰਬਲੇ ਜਨਮਾਂ ਦੇ ਸੰਸਕਾਰਾਂ ਅਧੀਨ ਤੇ ਕਦੀ ਇਸੇ ਹੀ ਜਨਮ ਵਿਖੇ ਬਿਤੀਤ ਹੋ ਚੁਕੀਆਂ ਗੱਲਾਂ ਦੇ ਚਿੰਤਨ ਵਿਚ, ਅਤੇ ਕਦੀ ਉੱਤਰ ਭਵਿੱਖਤ ਕਾਲ ਵਿਖੇ ਇਸੇ ਜੀਵਨ ਅੰਦਰ ਹੋਣ ਹਾਰੀਆਂ ਧੁਨਾਂ ਵਿਚ ਅਰੁ ਕਦੀ ਭਵਿੱਖਤ ਤੋਂ ਭੀ ਅਗੇ ਲਈ ਪ੍ਰਲੋਕ ਸਬੰਧੀ ਕਲਪਨਾ ਨੂੰ ਧਾਰ ਧਾਰ ਕੇ ਭਟਕਦਾ ਰਹਿੰਦਾ ਹੈ। ਪ੍ਰੰਤੂ ਸਮੁੰਦਰ ਅੰਦਰ ਉਡਾਰੀਆਂ ਮਾਰ ਮਾਰ ਥੱਕ ਹੁੱਟ ਮੁੜ ਮੁੜ ਜਹਾਜ਼ ਉਪਰ ਬੈਠਕੇ ਸ਼ਾਂਤੀ ਪ੍ਰਾਪਤ ਕਰਣ ਹਾਰੇ ਪੰਛੀ ਨ੍ਯਾਈਂ ਸੰਸਾਰ ਸਮੁੰਦ੍ਰ ਵਿਖੇ ਭਟਕਦਾ ਹੋਯਾ ਚਿੱਤ, ਜਦ ਸਤਿਗੁਰੂ ਸਰੂਪੀ ਜਹਾਜ਼ ਦੀ ਸ਼ਰਣ ਵਿਚ ਔਂਦਾ ਹੈ ਤਦ ਹੀ ਕੇਵਲ ਪੂਰਣ ਸ਼ਾਂਤੀ ਠੌਰ ਵਾਲੀ ਇਸਥਿਤੀ ਨੂੰ ਪ੍ਰਾਪਤ ਕਰ ਸਕਦਾ ਹੈ ॥੧੮੪॥


Flag Counter