ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 134


ਜੈਸੇ ਕਰਪੂਰ ਮੈ ਉਡਤ ਕੋ ਸੁਭਾਉ ਤਾ ਤੇ ਅਉਰ ਬਾਸਨਾ ਨ ਤਾ ਕੈ ਆਗੈ ਠਹਾਰਵਈ ।

ਜੈਸੇ ਕਰਪੂਰ ਮੈ ਉਡਨ ਕੋ ਸੁਭਾਉ ਤਾ ਤੇ ਜਿਸ ਤਰ੍ਹਾਂ ਮੁਸ਼ਕ ਕਾਫੂਰ ਦੇ ਸੁਤੇ ਹੀ ਉਡਨ ਵਾਲਾ ਸੁਭਾਵ ਹੋਣ ਕਰ ਕੇ ਓਸੇ ਦੇ ਅਗੇ ਹੋਰ ਬਾਸਨਾ ਸੁਗੰਧੀ ਨਹੀਂ ਠਹਿਰ ਸਕਿਆ ਕਰਦੀ ਭਾਵ ਚਪਲ ਚਿੱਤਾਂ ਵਾਲਿਆਂ ਦੇ ਹਿਰਦਿਆਂ ਅੰਦਰ ਗੁਰ ਉਪਦੇਸ਼ ਨਹੀਂ ਠਹਿਰ ਸਕਿਆ ਕਰਦਾ।

ਚੰਦਨ ਸੁਬਾਸ ਕੈ ਸੁਬਾਸਨਾ ਬਨਾਸਪਤੀ ਤਾਹੀ ਤੇ ਸੁਗੰਧਤਾ ਸਕਲ ਸੈ ਸਮਾਵਈ ।

ਪਰ ਚੰਦਨ ਸੁਬਾਸ ਸੰਦਲ ਚੰਨਣ ਆਪਣੇ ਆਪ ਵਿਚ ਹੀ ਵਸਨ ਵਾਲਾ ਹੈ, ਭਾਵ ਅਪਣੇ ਵਿਚ ਮਗਨ ਰਹਿਣ ਜੇਰਾ ਰਖਣ ਵਾਲਾ ਹੈ ਤਾਹੀ ਤੇ ਸੁਗੰਧਤਾ ਸਕਲ ਮੈ ਸਮਾਵਈ ਤਿਸੇ ਕਰ ਕੇ ਹੀ ਸੁਗੰਧੀ ਓਸ ਦੀ ਸਭ ਵਿਚ ਸਮਾ ਜਾਯਾ ਕਰਦੀ ਹੈ, ਤੇ ਓਹ ਕੈ ਸੁਬਾਸਨਾ ਬਨਾਸਪਤੀ ਕਰ ਲੈਂਦਾ ਬਣਾ ਲੈਂਦਾ ਹੈ ਬਨਾਸਪਤੀ ਨੂੰ ਅਪਣੀ ਸੁਗੰਧੀ ਸੰਪੰਨ ਹੀ।

ਜੈਸੇ ਜਲ ਮਿਲਤ ਸ੍ਰਬੰਗ ਸੰਗ ਰੰਗੁ ਰਾਖੈ ਅਗਨ ਜਰਾਇ ਸਬ ਰੰਗਨੁ ਮਿਟਾਵਈ ।

ਜੈਸੇ ਜਲ ਮਿਲਤ ਸ੍ਰਬੰਗ ਸੰਗ ਰੰਗ ਰਾਖੈ ਅਰੁ ਜਿਸ ਪ੍ਰਕਾਰ ਜਲ ਦ੍ਰਵਨ ਸੁਭਾਵ ਹੋਣ ਕਰ ਕੇ ਜੇਹੋ ਜੇਹੇ ਰੰਗ ਸੰਗ ਰਾਖੈ ਜਿਸ ਜਿਸ ਤਰ੍ਹਾਂ ਦੇ ਰੰਗ ਨਾਲ ਰਖ ਦਿਓ, ਭਾਵ ਮਿਲਾ ਦਿਓ, ਓਹੋ ਓਹੋ ਜੇਹਾ ਹੀ ਸਰਬੰਗ ਸਮੂਲਚਾ ਬਣਾ ਜਾਯਾ ਕਰਦਾ ਹੈ, ਭਾਵ ਐਸੇ ਹੀ ਸਾਰਗ੍ਰਾਹੀ ਪ੍ਰਭਾਵ ਗ੍ਰਾਹੀ ਸੈਨਸੇਟਿਵ ਮਨ ਵਾਲੇ ਹੋ ਸਤਿਸੰਗ ਵਿਚ ਬੈਠਿਆਂ, ਸਮੂਲਚਾ ਪਰਮਾਰਥ ਅੰਦਰ ਆ ਜਾਂਦਾ ਹੈ, ਕਿੰਤੂ ਅਗਨਿ ਜਰਾਇ ਸਭ ਰੰਗਨ ਮਿਟਾਵਈ ਅੱਗ ਸੜਦੇ ਤਪਦੇ ਰਹਿਣ ਵਾਲੇ ਸੁਭਾਵ ਦੀ ਹੋਣ ਕਰ ਕੇ, ਜੋ ਰੰਗ ਸਾਮਨੇ ਆ ਜਾਵੇ ਸਾੜ ਕੇ ਸੁਆਹ ਕਰ ਦਿੰਦੀ ਹੈ ਐਸੇ ਹੀ ਦੁਸ਼ਟ ਪੁਰਖ ਸਤਸੰਗ ਵਿਚ ਪੁਜਕੇ ਭੀ ਈਰਖਾ ਆਦਿ ਸੁਭਾਵ ਕਾਰਣ ਰਹੇ ਸਹੇ ਪ੍ਰੇਮ ਦੀ ਭੀ ਪੱਟੀ ਮੇਸ ਦਿੱਤਾ ਕਰਦੇ ਹਨ।

ਜੈਸੇ ਰਵਿ ਸਸਿ ਸਿਵ ਸਕਤ ਸੁਭਾਵ ਗਤਿ ਸੰਜੋਗੀ ਬਿਓਗੀ ਦ੍ਰਿਸਟਾਤੁ ਕੈ ਦਿਖਾਵਈ ।੧੩੪।

ਫੇਰ ਇਸੇ ਤਰ੍ਹਾਂ ਜੈਸੇ ਰਵਿ ਸਸਿ ਸਿਵ ਸਕਤਿ ਸੁਭਾਵ ਗਤਿ ਜਿਸ ਪ੍ਰਕਾਰ ਸੂਰਜ ਅਰੁ ਚੰਦ੍ਰਮਾ ਸਿਵ ਸ਼ਕਤੀ ਦੇ ਸੁਭਾਵ ਵਾਲੀ ਗਤਿ ਦਸ਼ਾ ਪ੍ਰਕਿਰਤੀ ਰਖਦੇ ਹਨ ਅਰਥਾਤ ਸੂਰਜ ਸ਼ਿਵ ਸਰੂਪ ਪਰਮਾਤਮਾ ਵਾਲਾ ਸੁਭਾਵ ਜੀਵਨ ਪ੍ਰਦਾਨ ਕਰਨ ਵਾਲੀ ਖਸਲਤ ਖਾਸਾ ਰਖਦਾ ਹੈ ਤੇ ਚੰਦ੍ਰਮਾ ਸ਼ਕਤੀ ਵਾਲਾ ਜੀਵਨ ਗ੍ਰਾਹੀ ਸੁਭਾਵ ਭਾਵ ਚੰਦ੍ਰਮਾ ਸੂਰਜ ਦੇ ਸਹਾਰੇ ਹੀ ਕਾਯਮ ਇਸਥਿਰ ਰਹਿਣ ਵਾਲਾ ਹੈ। ਇਸ ਵਾਸਤੇ ਸੰਜੋਗੀ ਬਯੋਗੀ ਇਹ ਸੰਜੋਗੀ ਤੇ ਵਿਜੋਗੀ ਪ੍ਰਭਾਵ ਵਾਲੇ ਪ੍ਰਵਾਣੇ ਗਏ ਹਨ ਭਾਵ ਸੂਰਜ ਦਿਨੇ ਚੜ੍ਹ ਕੇ ਸਭ ਨੂੰ ਮਿਲਾ ਦੇਣ ਵਾਲਾ ਹੈ, ਤੇ ਚੰਦ੍ਰਮਾ ਰਾਤ ਨੂੰ ਉਦੇ ਹੋ ਕੇ ਸਭ ਨੂੰ ਥਾਪੜ ਸੁਆਨ ਵਾਲਾ ਆਪੋ ਵਿਚ ਵਿਛੋੜਨ ਹਾਰਾ ਹੈ ਦ੍ਰਿਸਟਾਂਤ ਕੈ ਦਿਖਾਵਈ ਸੋ ਇਹ ਗੱਲ ਦ੍ਰਿਸ਼ਟਾਂਤ ਤੋਂ ਹੀ ਦਿਖਾਈ ਦੇ ਔਂਦੀ ਹੈ ਕਿ ਜਿਹੜੇ ਤਾਂ ਮਾਯਾ ਦੇ ਦਾਸ ਹੁੰਦੇ ਹਨ ਓਹ ਸਤਿਸੰਗ ਵਿਚ ਆਣ ਕੇ ਭੀ ਵਿਜੋਗੀ ਵਿੱਛੜੇ ਹੀ ਰਹਿੰਦੇ ਹਨ, ਅਤੇ ਜਿਹੜੇ ਆਪਣੀ ਨਿਗ੍ਹਾ ਵਾਹਿਗੁਰੂ ਉਪਰ ਰਖਦੇ ਹਨ ਤੇ ਉਸੇ ਦੇ ਸਿੱਕ ਜਿਗਾਸਾ ਧਾਰ ਕੇ ਏਸੇ ਹੀ ਭੌਣੀ ਨਾਲ ਸਤਿਸੰਗ ਵਿਚ ਔਂਦੇ ਹਨ, ਓਨ੍ਹਾਂ ਨੂੰ ਸਤਿਗੁਰੂ ਵਾਹਿਗੁਰੂ ਨਾਲ ਅਭੇਦ ਕਰ ਦਿੱਤਾ ਕਰਦੇ ਹਨ ॥੧੩੪॥


Flag Counter