ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 437


ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦੁ ਮੀਠੋ ਆਵੈ ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ ।

ਖੰਡ ਖੰਡ ਆਖਿਆਂ ਰਸਨਾ ਜੀਭ ਨੂੰ ਮਿੱਠਾ ਮਿੱਠਾ ਸ੍ਵਾਦ ਨਹੀਂ ਆ ਜਾਂਦਾ ਤੇ ਅੱਗ ਅੱਗ ਦੀ ਰਟ ਲਗਾਇਆਂ ਸੀਤ ਪਾਲਾ ਦੂਰ ਨਹੀਂ ਹੋਇਆ ਕਰਦਾ।

ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ ।

ਵੈਦ ਵੈਦ ਆਖਦੇ ਰਿਹਾਂ ਕਿਸੇ ਦਾ ਰੋਗ ਨਹੀਂ ਮਿਟ ਜਾਇਆ ਕਰਦਾ ਅਤੇ ਦਰਬ ਦਰਬ ਧਨ ਧਨ ਦੇ ਕਹਿਦੇ ਰਿਹਾਂ ਕਿਸੇ ਨੂੰ ਦਰਬ ਦੇ ਬਿਲਾਸ ਧਨ ਦੇ ਆਨੰਦ ਦਾ ਮਾਨਣਾ ਨਹੀਂ ਪ੍ਰਾਪਤ ਹੋ ਜਾਂਦਾ।

ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸੁ ਬਾਸੁ ਚੰਦ੍ਰ ਚੰਦ੍ਰ ਕਹੈ ਉਜੀਆਰੋ ਨ ਪ੍ਰਗਾਸ ਹੈ ।

ਚੰਦਨ ਚੰਦਨ ਕਹਿੰਦਿਆਂ ਹੋਇਆਂ ਕੋਈ ਸੁਗੰਧੀ ਦੀ ਬਾਸਨਾ ਨਹੀਂ ਪ੍ਰਗਟ ਹੋ ਔਂਦੀ ਅਰਥਾਤ ਮਹਿਕ ਦੀਆਂ ਲਪਟਾਂ ਨਹੀਂ ਔਣ ਲਗ ਪੈਂਦੀਆਂ ਤੇ ਚੰਦ ਚੰਦ ਆਖਦਿਆਂ ਕੋਈ ਉਜਾਲੇ ਚਾਨਣੇ ਦਾ ਪ੍ਰਕਾਸ਼ ਪ੍ਰਗਟ ਹੋਣਾ ਨਹੀਂ ਹੋ ਆਯਾ ਕਰਦਾ।

ਤੈਸੇ ਗਿਆਨ ਗੋਸਟਿ ਕਹਤ ਨ ਰਹਤ ਪਾਵੈ ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ ।੪੩੭।

ਤਿਸੀ ਪ੍ਰਕਾਰ ਗਿਆਨ ਗੋਸ਼ਟ ਦੀ ਚਰਚਾ ਬਾਰਤਾ ਕਹਿਣ ਮਾਤ੍ਰ ਤੇ ਰਹਤ ਰਹਣੀ ਨਹੀਂ ਪ੍ਰਾਪਤ ਹੋਯਾ ਕਰਦੀ ਕੇਵਲ ਕਰਣੀ ਕਰਤੱਤ ਅਮਲ ਹੀ ਪ੍ਰਧਾਨ ਮੁੱਖ ਵਸਤੂ ਹੈ; ਅਰੁ ਇਸੇ ਦੇ ਪਾਲਿਆਂ ਹੀ ਅਕਾਸ ਦਸਮ ਦ੍ਵਾਰ ਵਿਖੇ ਭਾਨੁ ਗ੍ਯਾਨ ਦਾ ਸੂਰਜ ਉਦੇ ਹੋਯਾ ਕਰਦਾ ਹੈ ॥੪੩੭॥


Flag Counter