ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 147


ਸਬਦ ਸੁਰਤਿ ਲਿਵਲੀਨ ਅਕੁਲੀਨ ਭਏ ਚਤਰ ਬਰਨ ਮਿਲਿ ਸਾਧਸੰਗ ਜਾਨੀਐ ।

ਸਬਦ ਸੁਰਤਿ ਲਿਵਲੀਨ ਅਕੁਲੀਨ ਭਏ ਗੁਰ ਸ਼ਬਦ ਵਿਖੇ ਸੁਰਤਿ ਦੀ ਲਿਵ ਲਗਾ ਕੇ ਜੋ ਲੀਨ ਹੋ ਜਾਂਦੇ ਹਨ ਉਹ ਅਕੁਲੀਨ ਕੁਲ ਗੋਤ ਆਦਿ ਦੇ ਅਭਿਮਾਨ ਤੋਂ ਰਹਿਤ ਬਣ ਜਾਂਦੇ ਹਨ ਚਤੁਰ ਬਰਨ ਮਿਲਿ ਸਾਧ ਸੰਗ ਜਾਨੀਐ ਸਾਧ ਸੰਗਤ ਅੰਦਰ ਚਾਰੋਂ ਹੀ ਬਰਨ ਬ੍ਰਾਹਮਣ ਖ੍ਯਤ੍ਰੀ ਵੈਸ਼ ਅਰੁ ਸ਼ੂਦਰ ਮਿਲਣ ਤੇ ਇਹ ਬਾਤ ਜਾਨਣ ਵਿਚ ਆਯਾ ਕਰਦੀ ਹੈ।

ਸਬਦ ਸੁਰਤਿ ਲਿਵ ਲੀਨ ਜਲ ਮੀਨ ਗਤਿ ਗੁਹਜ ਗਵਨ ਜਲ ਪਾਨ ਉਨਮਾਨੀਐ ।

ਸਬਦ ਸੁਰਤਿ ਲਿਵਲੀਨ ਜਲ ਮੀਨ ਗਤਿ ਸ਼ਬਦ ਵਿਖੇ ਸੁਰਤਿ ਨੂੰ ਜਿਹੜੇ ਜਲ ਵਿਚ ਮਛਲੀ ਦੇ ਮਗਨ ਰਹਿਣ ਵਾਂਕੂੰ ਲਿਵ ਲੀਨ ਰਖਦੇ ਹਨ, ਉਹ ਗੁਹਜ ਗਵਨ ਜਲ ਪਾਨ ਉਨਮਾਨੀਐ ਉਹ ਜਲ ਵਿਖੇ ਮਛਲੀ ਦੇ ਗੁਪਤ ਗੁਪਤ ਹੀ ਚੱਲਨ ਵਤ ਸ੍ਵਾਸ ਸ੍ਵਾਸ ਅੰਦਰੇ ਅੰਦਰ ਨਾਮ ਦੀ ਤਾਰ ਲਗਾਈ ਰਖਦੇ ਹਨ, ਤੇ ਮਛਲੀ ਸਾਰਖ੍ਯਾਂ ਹੀ ਬਾਹਰ ਮੁਖੀ ਪਾਸਿਓਂ ਬਿਰਤੀ ਨੂੰ ਅੰਤਰਮੁਖ ਉਲਟਾ ਕੇ ਜਲ ਪਾਨ ਕਰਦੇ ਨਾਮ ਰਸ ਨੂੰ ਪੀਂਦੇ ਉਨਮਾਨ ਕਰੋ ਵੀਚਾਰੋ।

ਸਬਦ ਸੁਰਤਿ ਲਿਵ ਲੀਨ ਪਰਬੀਨ ਭਏ ਪੂਰਨ ਬ੍ਰਹਮ ਏਕੈ ਏਕ ਪਹਿਚਾਨੀਐ ।

ਸਬਦ ਸੁਰਤਿ ਲਿਵਲੀਨ ਪਰਬੀਨ ਭਏ ਫੇਰ ਏਕੂੰ ਹੀ ਜਿਹੜੇ ਸਬਦ ਵਿਖੇ ਸੁਰਤ ਨੂੰ ਲਿਵਲੀਨ ਕਰ ਦਿੰਦੇ ਹਨ ਉਹ ਪਰਬੀਨ ਪਾਰ ਦਰਸੀ ਦੂਰ ਧ੍ਯਾਨੀਏ ਬਹੁਤ ਸ੍ਯਾਣੇ ਬਣ ਜਾਂਦੇ ਹਨ, ਅਤੇ ਪੂਰਨ ਬ੍ਰਹਮ ਏਕੈ ਏਕ ਪਹਿਚਾਨੀਐ ਇਕ ਮਾਤ੍ਰ ਪ੍ਰੀਪੂਰਣ ਬ੍ਰਹਮ ਨੂੰ ਹੀ ਜ੍ਯੋਂ ਕੇ ਤ੍ਯੋਂ ਸਰੂਪ ਵਿਖੇ ਰਮਿਆ ਹੋਯਾ ਪਛਾਣ ਲਿਆ ਕਰਦੇ ਹਨ।

ਸਬਦ ਸੁਰਤਿ ਲਿਵ ਲੀਨ ਪਗ ਰੀਨ ਭਏ ਗੁਰਮੁਖਿ ਸਬਦ ਸੁਰਤਿ ਉਰ ਆਨੀਐ ।੧੪੭।

ਸ਼ਬਦ ਸੁਰਤਿ ਲਿਵਲੀਨ ਪਗ ਰੀਨ ਭਏ ਅਰੁ ਇਸੀ ਪ੍ਰਕਾਰ ਇਹ ਜਿਹੜੇ ਸ਼ਬਦ ਵਿਖੇ ਸੁਰਤ ਨੂੰ ਲਿਵ ਲੀਨ ਕਰ ਕੇ ਬ੍ਰਹਮ ਗ੍ਯਾਨੀ ਭਾਵ ਨੂੰ ਪ੍ਰਾਪਤ ਹੋ ਜਾਯਾ ਕਰਦੇ ਹਨ, ਅਭਿਮਾਨੀ ਨਹੀਂ ਬਣ ਜਾਯਾ ਕਰਦੇ, ਸਗੋਂ ਪਗ ਰੀਨ ਸਭ ਦੀਆਂ ਚਰਣਾਂ ਦੀ ਧੂੜੀ ਹੋ ਜਾਂਦੇ ਹਨ ਭਾਵ ਗ੍ਰੀਬੀ ਭਾਵ ਵਿਚ ਵਰਤਣ ਲਗ ਪਿਆ ਕਰਦੇ ਹਨ, ਤਾਂ ਤੇ ਹੇ ਸ੍ਰੋਤਾ ਜਨੋਂ! ਗੁਰਮੁਖਿ ਸਬਦ ਸੁਰਤਿ ਉਰਿ ਆਨੀਐ ਗੁਰਮੁਖ ਬਣ ਕੇ ਗੁਰਮੁਖੀ ਭਾਵ ਨੂੰ ਧਾਰ ਕੇ ਸ਼ਬਦ ਸੁਰਤਿ ਦੇ ਅਭ੍ਯਾਸ ਵਿਖੇ ਆਪਣੇ ਰਿਦੇ ਨੂੰ ਲਿਆਓ! ਅਰਥਾਤ ਗੁਰਮੁਖ ਹੋ ਕੇ ਸਤਿਗੁਰਾਂ ਦੇ ਘਰ ਦਾ ਸ਼ਬਦ ਅਭ੍ਯਾਸ ਸਿੱਖ ਕੇ ਇਸ ਵਿਖੇ ਆਪਣਾ ਨਿਸਚਾ ਪ੍ਰਪੱਕ ਕਰੋ ॥੧੪੭॥


Flag Counter