ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 509


ਜੈਸੇ ਰੈਨਿ ਸਮੈ ਸਬ ਲੋਗ ਮੈ ਸੰਜੋਗ ਭੋਗ ਚਕਈ ਬਿਓਗ ਸੋਗ ਭਾਗ ਹੀਨੁ ਜਾਨੀਐ ।

ਜਿਸ ਤਰ੍ਹਾਂ ਰਾਤ ਦੇ ਸਮੇਂ ਸਾਰੇ ਲੋਕ ਭੋਗਾਂ ਦੇ ਸੰਜੋਗ ਮੇਲੇ ਵਿਚ ਰਚੇ ਰਹਿੰਦੇ ਹਨ, ਤੇ ਭਾਗ ਹੀਣੀ ਕਿਸਮਤ ਮਾਰੀ ਚਕਵੀ ਓਸ ਸਮੇਂ ਵਿਛੋੜੇ ਦੇ ਸੋਗ ਵਿਚ ਜਾਣੀਦੀ ਹੈ।

ਜੈਸੇ ਦਿਨਕਰਿ ਕੈ ਉਦੋਤਿ ਜੋਤਿ ਜਗਮਗ ਉਲੂ ਅੰਧ ਕੰਧ ਪਰਚੀਨ ਉਨਮਾਨੀਐ ।

ਜਿਸ ਤਰ੍ਹਾਂ ਸੂਰਜ ਦੇ ਉਦੇ ਹੋਇਆਂ ਪ੍ਰਕਾਸ਼ ਜਗਮਗ ਜਗਮਗ ਕਰਿਆ ਕਰਦਾ ਹੈ, ਪ੍ਰੰਤੂ ਉੱਲੂ ਪਰਚੀਨ ਪੁਰਾਣੀਆਂ ਹਨੇਰੀਆਂ ਕੰਧਾਂ ਖੱਡਾਂ ਖੋਲਿਆਂ ਵਿਚ ਵੀਚਾਰੀਦਾ ਜਾਣੀਦਾ ਹੈ, ਅਥਵਾ ਹਨੇਰੀਆਂ ਕੰਧਾਂ ਵਿਚ ਪਰਚਿਆ ਤੱਕੀਦਾ ਹੈ।

ਸਰਵਰ ਸਰਿਤਾ ਸਮੁੰਦ੍ਰ ਜਲ ਪੂਰਨ ਹੈ ਤ੍ਰਿਖਾਵੰਤ ਚਾਤ੍ਰਕ ਰਹਤ ਬਕ ਬਾਨੀਐ ।

ਸਰੋਵਰ ਨਦੀਆਂ ਸਮੁੰਦਰ ਜਲ ਨਾਲ ਭਰਪੂਰ ਹੁੰਦਿਆਂ ਭੀ ਪਪੀਹਾ ਵਿਚਾਰਾ ਪਿਆਸਾ ਤਿਹਾਇਆ ਹੀ ਬਕਦਾ ਕੂਕਦਾ ਰਹਿੰਦਾ ਹੈ।

ਤੈਸੇ ਮਿਲਿ ਸਾਧਸੰਗਿ ਸਕਲ ਸੰਸਾਰ ਤਰਿਓ ਮੋਹਿ ਅਪਰਾਧੀ ਅਪਰਾਧਨੁ ਬਿਹਾਨੀਐ ।੫੦੯।

ਤਿਸੀ ਪ੍ਰਕਾਰ ਹੀ ਸਾਧ ਸੰਗਤ ਨੂੰ ਮਿਲ ਕੇ ਸੰਸਾਰ ਪਰ ਮੈਂ ਅਪ੍ਰਾਧੀ ਨੁਕਤਾਚੀਨ = ਕੁਤਰਕੀ ਨੇ ਅਪ੍ਰਾਧ ਨੁਕਤਾਚੀਨੀਆਂ = ਕੁਤਰਕਾਂ ਕਰਦਿਆਂ ਹੀ ਉਮਰ ਬਿਤਾ ਦਿੱਤੀ ਹੈ ॥੫੦੯॥


Flag Counter