ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 370


ਜੈਸੇ ਮਾਤਾ ਪਿਤਾ ਅਨੇਕ ਉਪਜਾਤ ਸੁਤ ਪੂੰਜੀ ਦੈ ਦੈ ਬਨਜ ਬਿਉਹਾਰਹਿ ਲਗਾਵਹੀ ।

ਜਿਸ ਪ੍ਰਕਾਰ ਮਾਤਾ ਪਿਤਾ ਅਨੇਕਾਂ ਪੁਤ੍ਰ ਉਤਪੰਨ ਕਰ ਕੇ ਓਨ੍ਹਾਂ ਨੂੰ ਮਾਯਾ ਦੀ ਰਾਸ ਮੂੜੀ ਦੇ ਦੇ ਕੇ, ਵਣਜ ਵਪਾਰ ਆਦਿ ਕਾਰ ਵਿਹਾਰ ਵਿਖੇ ਲਾਇਆ ਪ੍ਰਵਿਰਤ ਕਰਿਆ ਕਰਦੇ ਹਨ।

ਕਿਰਤ ਬਿਰਤ ਕਰਿ ਕੋਊ ਮੂਲਿ ਖੋਵੈ ਰੋਵੈ ਕੋਊ ਲਾਭ ਲਭਤਿ ਕੈ ਚਉਗੁਨੋ ਬਢਾਵਹੀ ।

ਕੋਈ ਤਾਂ ਓਨਾਂ ਵਿਚੋਂ ਬਿਰਤਿ ਉਪਜੀਵਿਕਾ ਸੰਬਧੀ ਕਿਰਤ ਕਮਾਈ ਨੂੰ ਕਰ ਕੇ ਮੂਲ ਮੂੜੀ ਨੂੰ ਖੁਹਾ ਬੈਠ ਕੇ ਰੋਇਆ ਕਰਦਾ ਹੈ, ਅਤੇ ਕੋਈ ਲਾਭ ਲਾਹੇ ਵਾਲੀ ਲਭਤ ਨੂੰ ਵਾ ਲਾਹੇ ਨੂੰ ਪ੍ਰਾਪਤ ਹੋ ਕੇ ਮੂੜੀ ਨੂੰ ਚੌਗਣੀ ਕਰ ਵਧੌਂਦਾ ਹੈ।

ਜੈਸੋ ਜੈਸੋ ਜੋਈ ਕੁਲਾ ਧਰਮ ਹੈ ਕਰਮ ਕਰੈ ਤੈਸੋ ਤੈਸੋ ਜਸੁ ਅਪਜਸੁ ਪ੍ਰਗਟਾਵਹੀ ।

ਗੱਲ ਕੀਹ ਕਿ ਮਨੁੱਖ ਇਸ ਤਰ੍ਹਾਂ ਨਾਲ ਜਿਸ ਜਿਸ ਪ੍ਰਕਾਰ ਤੇ ਜਿਹੜਾ ਜਿਹੜਾ ਕਿਸੇ ਦਾ ਕੁਲਾ ਧਰਮ ਹੈ ਕੁਲ ਪ੍ਰੰਪਰਾ ਦੀ ਪ੍ਰਵਿਰਤੀ ਹੈ ਓਸ ਦੇ ਅਨੁਸਾਰ ਹੀ ਕੰਮਾਂ ਨੂੰ ਕਰਦੇ ਹਨ, ਅਤੇ ਓਸੇ ਓਸੇ ਤਰ੍ਹਾਂ ਹੀ ਜਸ ਵਾ ਅਪਜਸ ਨੂੰ ਉਤਪੰਨ ਕਰਿਆ ਕਰਦੇ ਹਨ।

ਤੈਸੇ ਸਤਿਗੁਰ ਸਮਦਰਸੀ ਪੁਹੁਪ ਗਤ ਸਿਖ ਸਾਖਾ ਬਿਬਿਧਿ ਬਿਰਖ ਫਲ ਪਾਵਹੀ ।੩੭੦।

ਤਿਸੀ ਪ੍ਰਕਾਰ ਸਤਿਗੁਰੂ ਸਮਦਰਸੀ ਬਿਰਛ ਹਨ ਇਕੋ ਜੇਹਾ ਹੀ ਆਪਣੇ ਅੰਗ ਰੂਪ ਸਿੱਖਾਂ ਨੂੰ ਆਸਰਾ ਦਿਆ ਕਰਦੇ ਹਨ, ਪ੍ਰੰਤੂ ਕੋਈ ਸਿੱਖ ਤਾਂ ਅਨੇਕ ਪ੍ਰਕਾਰ ਦੀਆਂ ਸ਼ਾਖਾਂ ਟਾਹਣੀਆਂ ਦੇ ਰੂਪ ਨੂੰ ਪ੍ਰਾਪਤ ਕਰਦਾ ਹੈ ਅਰਥਾਤ ਗੁਰੂ ਘਰ ਦੀ ਕਾਰ ਸੇਵਾ ਆਦਿ ਨਿਬਾਹਨ ਦਾ ਸਿੱਕਵੰਦ ਸਿੱਖ ਸੰਪ੍ਰਦਾਇ ਦੀ ਸ਼ਾਨ ਮਾਤ੍ਰ ਹੀ ਵਧਾਵਨ ਵਾਲਾ ਬਣਦਾ ਹੈ, ਤੇ ਕੋਈ ਪੁਸ਼ਪਗਤ ਫੁੱਲ ਰੂਪਤਾ ਨੂੰ ਅਰਥਾਤ ਸਿੱਖ ਧਰਮ ਪਾਲਨ ਹਾਰਾ, ਅਥਵਾ ਸਿੱਖੀ ਸਾਧਨਾਂ ਦੇ ਸਾਧਨ ਵਿਖੇ ਸੰਪੰਨ ਵਾ ਸਿੱਖੀ ਦੀ ਕੀਰਤੀ ਪ੍ਰਚਾਰਣਹਾਰਾ ਹੀ ਬਣ ਸੰਤੁਸ਼ਟ ਰਹਿੰਦਾ ਹੈ। ਅਰੁ ਕੋਈ ਫਲ ਭਾਵ ਨੂੰ ਪ੍ਰਾਪਤ ਕਰਦਾ ਹੈ ਅਰਥਾਤ ਗੁਰੂ ਗ੍ਯਾਨ ਨੂੰ ਜ੍ਯੋਂ ਕਾ ਤ੍ਯੋਂ ਪ੍ਰਾਪਤ ਕਰ ਕੇ ਗੁਰੂ ਮਹਰਾਜ ਦੇ ਨਿਜ ਸਰੂਪ ਵਿਖੇ ਲਿਵ ਲੀਣ ਹੋਇਆ ਰਹਿੰਦਾ ਹੈ ॥੩੭੦॥