ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 392


ਜੈਸੇ ਏਕ ਜਨਨੀ ਕੈ ਹੋਤ ਹੈ ਅਨੇਕ ਸੁਤ ਸਭ ਹੀ ਮੈ ਅਧਿਕ ਪਿਆਰੋ ਸੁਤ ਗੋਦ ਕੋ ।

ਜਿਸ ਤਰ੍ਹਾਂ ਇਕੋ ਮਾਂ ਦੇ ਅਨੇਕਾਂ ਪੁਤਰ ਹੁੰਦੇ ਹਨ ਪਰ ਗੋਦ ਵਾਲਾ ਪੁਤ੍ਰ ਓਸ ਨੂੰ ਸਾਰਿਆਂ ਵਿਚੋਂ ਬਹੁਤਾ ਪਿਆਰਾ ਲਗਿਆ ਕਰਦਾ ਹੈ।

ਸਿਆਨੇ ਸੁਤ ਬਨਜ ਬਿਉਹਾਰ ਕੇ ਬੀਚਾਰ ਬਿਖੈ ਗੋਦ ਮੈ ਅਚੇਤੁ ਹੇਤੁ ਸੰਪੈ ਨ ਸਹੋਦ ਕੋ ।

ਸਿਆਨੇ ਪੁਤਰ ਤਾਂ ਵਣਜ ਵਪਾਰ ਦੀਆਂ ਸੋਚਾਂ ਵਿਚ ਪਰਚੇ ਰਹਿੰਦੇ ਹਨ, ਪਰੰਤੂ ਜਿਹੜਾ ਗੋਦ ਵਿਚ ਹੁੰਦਾ ਹੈ ਉਹ ਅਚੇਤ ਬੇਪ੍ਰਵਾਹ ਰਹਿੰਦਾ ਹੈ ਅਰਥਾਤ ਓਸ ਨੂੰ ਕੋਈ ਚਿੰਤਾ ਹੀ ਨਹੀਂ ਫੁਰ੍ਯਾ ਕਰਦੀ ਹਨਾ ਓਸ ਨੂੰ ਸੰਪੈ ਸੰਪਦਾ ਵਿਭੂਤੀ ਪਦਾਰਥਾਂ ਨਾਲ ਹਿਤ ਫੁਰਦਾ ਹੈ ਤੇ ਨਾ ਹੀ ਕੁਛ ਸਹੋਦ ਭਾਈ ਭੈਣਾਂ ਆਦਿ ਨਾਲ ਭਾਵ ਜੋ ਕੁਛ ਸਾਮਨੇ ਧਰ ਦਿਓ ਸੁਖਦਾਈ ਦਾ ਕੋਈ ਫੁਰਨਾ ਨਹੀਂ ਉਠੌਂਦਾ, ਅਤੇ ਜਿਹੜਾ ਕੋਈ ਆਪਣਾ ਪਰਾਇਆ ਓਸ ਨੂੰ ਕੁਛੜ ਲੈਣਾ ਚਾਹੇ ਓਸੇ ਦੇ ਹੀ ਪ੍ਯਾਰ ਦਾ ਸ੍ਵਾਗਤ ਕਰ ਦਿੰਦਾ ਹੈ।

ਪਲਨਾ ਸੁਵਾਇ ਮਾਇ ਗ੍ਰਿਹਿ ਕਾਜਿ ਲਾਗੈ ਜਾਇ ਸੁਨਿ ਸੁਤ ਰੁਦਨ ਪੈ ਪੀਆਵੈ ਮਨ ਮੋਦ ਕੋ ।

ਪੰਘੂੜੇ ਅੰਦਰ ਸੁਵਾ ਲਿਟਾ ਕੇ ਮਾਤਾ ਘਰ ਦੇ ਕੰਮ ਧੰਦੇ ਨੂੰ ਜਾ ਲਗਦੀ ਹੈ, ਪਰ ਜ੍ਯੋਂ ਹੀ ਪੁੱਤ ਦੇ ਰੋਣ ਦੀ ਅਵਾਜ ਸੁਣ ਪਾਵੇ ਤਾਂ ਝੱਟ ਹੀ ਆਣ ਕੇ ਓਸ ਦੇ ਮਨ ਮੋਦ ਕਰ ਪਰਚੌਨ ਖਾਤਰ ਮਨ ਨੂੰ ਪ੍ਰਸੰਨ ਕਰਨ ਵਿਰਚੌਨ ਵਾਸਤੇ ਪੈ ਦੁਧ ਥਨ ਪਿਲਾਣ ਲਗ ਪੈਂਦੀ ਹੈ।

ਆਪਾ ਖੋਇ ਜੋਈ ਗੁਰ ਚਰਨਿ ਸਰਨਿ ਗਹੇ ਰਹੇ ਨਿਰਦੋਖ ਮੋਖ ਅਨਦ ਬਿਨੋਦ ਕੋ ।੩੯੨।

ਇਸੇ ਤਰ੍ਹਾਂ ਬਾਲਕ ਵਾਕੂੰ ਹੀ ਆਪੇ ਨੂੰ ਗੁਵਾ ਕੇ ਜਿਹੜਾ ਕੋਈ ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਨੂੰ ਆਣ ਫੜੇ ਉਹ ਸੰਸਾਰ ਵਿਚ ਵਰਤਦਾ ਹੋਯਾ ਭੀ ਨਿਰਦੋਖ ਦੋਖਾਂ ਤੋਂ ਰਹਿਤ ਅਸਪਰਸ਼ ਵਾ ਬੇਐਬ ਨਿਰ ਵਿਕਾਰ ਰਹਿੰਦਾ ਹੈ ਤੇ ਆਨੰਦ ਬਿਲਾਸ ਸਰੂਪੀ ਮੋਖ ਮੁਕਤੀ ਜਨਮ ਮਰਣ ਰੂਪ ਸੰਸਾਰ ਤੋਂ ਛੁਟਕਾਰੇ ਨੂੰ ਪ੍ਰਾਪਤ ਹੋ ਜਾਂਦਾ ਹੈ ॥੩੯੨॥


Flag Counter