ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 459


ਜੈਸੇ ਤਉ ਸਕਲ ਦ੍ਰੁਮ ਆਪਨੀ ਆਪਨੀ ਭਾਂਤਿ ਚੰਦਨ ਚੰਦਨ ਕਰੈ ਸਰਬ ਤਮਾਲ ਕਉ ।

ਜਿਸ ਤਰ੍ਹਾਂ ਸਾਰੇ ਬੂਟੇ ਰਹਿੰਦੇ ਆਪੋ ਆਪਣੀ ਤਰਾਂ ਦੇ ਰੂਪ ਵਿਚ ਹੀ ਹਨ; ਪਰ ਉਂਞ ਚੰਦਨ ਓਨਾਂ ਸਾਰਿਆਂ ਬਿਰਛਾਂ ਨੂੰ ਚੰਦਨ ਬਣਾ ਲਿਆ ਕਰਦਾ ਹੈ; ਐਸੇ ਹੀ ਸਤਿਗੁਰਾਂ ਨੂੰ ਮਿਲ ਕੇ ਕੋਈ ਪੁਰਖਾਂ ਦੀ ਸ਼ਕਲ ਨਹੀਂ ਵੱਟ ਜਾਇਆ ਕਰਦੀ ਕਿੰਤੂ ਅੰਦਰੋਂ ਬਾਹਰੋਂ ਉਹ ਸਿੱਖ ਜ਼ਰੂਰ ਬਣ ਜਾਂਦੇ ਹਨ; ਸਤਿਗੁਰਾਂ ਦੇ ਸੁਭਾਵ ਸੰਪੰਨ।

ਤਾਂਬਾ ਹੀ ਸੈ ਹੋਤ ਜੈਸੇ ਕੰਚਨ ਕਲੰਕੁ ਡਾਰੈ ਪਾਰਸ ਪਰਸੁ ਧਾਤੁ ਸਕਲ ਉਜਾਲ ਕਉ ।

ਜਿਸ ਤਰ੍ਹਾਂ ਨਿਹਕਲੰਕ ਬੂਟੀ ਦੇ ਪਾਇਆਂ ਤਾਂਬਾ ਹੀ ਸੋਨਾ ਬਣ ਜਾਂਦਾ ਹੈ; ਅਤੇ ਪਾਰਸ ਨੂੰ ਸਪਰਸ਼ ਕਰ ਕੇ ਸਾਰੀਆਂ ਧਾਤੂਆਂ ਹੀ ਉਜੱਲੇ ਭਾਵ ਸ਼ੁਧ ਸ੍ਵਰਣ ਭਾਵ ਨੂੰ ਧਾਰ ਲਿਆ ਕਰਦੀਆਂ ਹਨ।

ਸਰਿਤਾ ਅਨੇਕ ਜੈਸੇ ਬਿਬਿਧਿ ਪ੍ਰਵਾਹ ਗਤਿ ਸੁਰਸਰੀ ਸੰਗਮ ਸਮ ਜਨਮ ਸੁਢਾਲ ਕਉ ।

ਜਿਸ ਤਰ੍ਹਾਂ ਨਦੀਆਂ ਅਨੇਕਾਂ ਹਨ ਤੇ ਓਨਾਂ ਦੇ ਪ੍ਰਵਾਹ ਵਗਨ ਦੀ ਗਤੀ ਚਾਲ ਨ੍ਯਾਰੀ ਨ੍ਯਾਰੀ ਹੁੰਦੀ ਹੈ ਪਰ ਜਦ ਉਹ ਗੰਗਾ ਦੇ ਸੰਗਮ ਮੇਲ ਨੂੰ ਪ੍ਰਾਪਤ ਹੋ ਕੇ ਉਸ ਦੇ ਜਲ ਨਾਲ ਸਮਤਾ ਧਾਰ ਲੈਣ ਅਰਥਾਤ; ਗੰਗਾ ਰੂਪ ਹੋ ਜਾਣ ਤਾਂ ਸੁਢਾਲ ਸਿੱਧੀ ਢਾਲ ਨੂੰ ਪ੍ਰਾਪਤ ਹੋ ਟੇਢਿਆਂ ਵਹਿਣਾਂ ਵਾਲੀ ਵਾਦੀ ਤ੍ਯਾਗ ਕੇ ਸਮੁੰਦਰ ਨਾਲ ਜਾ ਮਿਲਦੀਆਂ ਹਨ।

ਤੈਸੇ ਹੀ ਸਕਲ ਦੇਵ ਟੇਵ ਸੈ ਟਰਤ ਨਾਹਿ ਸਤਿਗੁਰ ਅਸਰਨ ਸਰਨਿ ਅਕਾਲ ਕਉ ।੪੫੯।

ਤਿਸੀ ਪ੍ਰਕਾਰ ਹੀ ਸਾਰੇ ਦੇਵ ਆਪੋ ਆਪਣੀ ਟੇਵ ਬਾਣ ਤੋਂ ਵੱਧ ਕੁਛ ਨਹੀਂ ਦੇ ਸਕ੍ਯਾ ਕਰਦੇ ਇਹ ਕੇਵਲ ਸਤਿਗੁਰੂ ਹੀ ਹਨ; ਜੋ ਅਸ਼ਰਣਾਂ ਨੂੰ ਭੀ ਸ਼ਰਣ ਦੇ ਕੇ ਆਪਣੀ ਸੰਗਤ ਵਿਚ ਲੈ ਕੇ ਅਕਾਲ ਪੁਰਖੀ ਪਦ ਨੂੰ ਪ੍ਰਾਪਤ ਕਰ ਦਿੰਦੇ ਹਨ ॥੪੫੯॥