ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 153


ਦਰਸ ਅਦਰਸ ਦਰਸ ਅਸਚਰਜ ਮੈ ਹੇਰਤ ਹਿਰਾਨੇ ਦ੍ਰਿਗ ਦ੍ਰਿਸਟਿ ਅਗਮ ਹੈ ।

ਦ੍ਰਿਸ਼੍ਯ ਨੂੰ ਅਦ੍ਰਿਸ਼੍ਯ ਕੀਤਿਆਂ ਭਾਵ ਦੇਖਨ ਜੋਗ ਪਰਪੰਚ ਪਸਾਰੇ ਵੱਲੋਂ ਧਿਆਨ ਨੂੰ ਬਾਹਰੋਂ ਸਮੂਲਚਾ ਅੰਦਰ ਸਮੇਟਿਆਂ ਜੋ ਦਰਸ਼ਨ ਗੁਰਮੁਖ ਨੂੰ ਆਪਣੇ ਅੰਦਰ ਹੋਯਾ ਕਰਦਾ ਹੈ ਉਹ ਅਚਰਜ ਰੂਪ ਹੈ। ਜਿਸ ਨੂੰ ਹੇਰਤਾ ਤੱਕਦਿਆਂ ਸਾਰ ਹੀ ਦ੍ਰਿਗ ਨੇਤ੍ਰ ਹਿਰ ਗਏ ਅਨੇਤਰ ਰੂਪ ਹੋ ਜਾਂਦੇ ਹਨ, ਕ੍ਯੋਂਕਿ ਉਹ ਦ੍ਰਿਸਟਿ ਨਜ਼ਰ ਤੋਂ ਅਗੰਮ ਹੈ ਅਰਥਾਤ ਏਨਾਂ ਨੇਤ੍ਰਾਂ ਦ੍ਵਾਰੇ ਉਹ ਕਦਾਚਿਤ ਤਕਿਆ ਨਹੀਂ ਜਾ ਸਕਦਾ।

ਸਬਦ ਅਗੋਚਰ ਸਬਦ ਪਰਮਦਭੁਤ ਅਕਥ ਕਥਾ ਕੈ ਸ੍ਰੁਤਿ ਸ੍ਰਵਨ ਬਿਸਮ ਹੈ ।

ਸ਼ਬਦ ਤੋਂ ਭੀ ਉਹ ਅਗੋਚਰ ਹੈ ਪਰ ਪਰਮ ਅਦਭੁਤ ਸ਼ਬਦ ਸਰੂਪ ਜਿਸ ਦੀ ਕਥਾ ਅਕੱਥ ਰੂਪ ਹੈ, ਜਿਸ ਦੇ ਸੁਨਣ ਵਿਖੇ ਪ੍ਰਗਟ ਕੰਨ ਹੈਰਾਨ ਹੋ ਜਾਂਦੇ ਹਨ।

ਸ੍ਵਾਦ ਰਸ ਰਹਿਤ ਅਪੀਅ ਪਿਆ ਪ੍ਰੇਮ ਰਸ ਰਸਨਾ ਥਕਤ ਨੇਤ ਨੇਤ ਨਮੋ ਨਮ ਹੈ ।

ਓਸਦਾ ਸ੍ਵਾਦ ਰਸ ਛੀਆਂ ਰਸਾਂ ਤੋਂ ਉਤਪੰਨ ਹੋਏ ਛੱਤੀਆਂ ਬ੍ਯੰਜਨਾਂ ਦੇ ਸ੍ਵਾਦਾਂ ਸ੍ਵਾਦ ਤੋਂ ਰਹਿਤ ਹੈ। ਅਰੁ ਏਸ ਅਪਿਅ ਪ੍ਰੇਮ ਰਸ ਨੂੰ ਪੀਆ ਪੀਤਾ ਹੈ ਜਿਸ ਗੁਰਮੁਖ ਨੇ ਓਸ ਦੀ ਰਸਨਾ ਹਾਰ ਕੇ ਅਨੰਤ ਅਨੰਤ ਪੁਕਾਰਦੀ ਬਾਰੰਬਾਰ ਨਮਸਕਾਰ ਹੀ ਨਮਸਕਾਰ ਕਰਿਆ ਕਰਦੀ ਹੈ।

ਨਿਰਗੁਨ ਸਰਗੁਨ ਅਬਿਗਤਿ ਨ ਗਹਨ ਗਤਿ ਸੂਖਮ ਸਥੂਲ ਮੂਲ ਪੂਰਨ ਬ੍ਰਹਮ ਹੈ ।੧੫੩।

ਨਿਰਗੁਨ ਵਾ ਸਰਗੁਨ ਭਾਵ ਕਰ ਕੇ ਅਬ੍ਯਕਤ ਸਰੂਪ ਹੈ, ਅਰਥਾਤ ਨਾ ਉਹ ਨਿਰਗੁਣ ਆਖਿਆ ਜਾ ਸਕਦਾ ਹੈ ਤੇ ਨਾ ਹੀ ਸਰਗੁਣ ਨਾਮ ਦ੍ਵਾਰੇ ਪ੍ਰਗਟ ਕੀਤਾ ਜਾ ਸਕਦਾ ਹੈ, ਅਤੇ ਓਸ ਦੀ ਗਤੀ ਗਿਆਨ ਵਾ ਪ੍ਰਵਿਰਤੀ ਭੀ ਨ ਗਹਨ ਨਹੀਂ ਜਾਣੀ ਅਥਵਾ ਗ੍ਰਹਣ ਕੀਤੀ ਜਾ ਸਕਦੀ ਹਾਂ! ਆਖ ਸਕਦੇ ਹਾਂ ਤਾਂ ਕੇਵਲ ਇਨਾਂ ਸ਼ਬਦਾਂ ਰਾਹੀਂ ਕਿ ਉਹ ਸੂਖਮ ਗੁਪਤ ਭਾਵੀ ਅਰੁ ਸਥੂਲ ਪ੍ਰਗਟ ਭਾਵੀ ਸਮੂਹ ਪ੍ਰਪੰਚ ਪਸਾਰੇ ਦਾ ਮੂਲ ਮੁਢ ਹੈ ਤੇ ਵਰਤਮਾਨ ਸਰੂਪ ਵਿਖੇ ਸਰਬ ਠੌਰ ਰਮਿਆ ਹੋਯਾ ਪ੍ਰੀਪੂਰਣ ਬ੍ਰਹਮ ਹੈ ॥੧੫੩॥


Flag Counter