ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 201


ਸਬਦ ਸੁਰਤ ਹੀਨ ਪਸੂਆ ਪਵਿਤ੍ਰ ਦੇਹ ਖੜ ਖਾਏ ਅੰਮ੍ਰਿਤ ਪ੍ਰਵਾਹ ਕੋ ਸੁਆਉ ਹੈ ।

ਸ਼ਬਦ ਦੀ ਸੁਰਤੋਂ ਹੀਣੇ ਹੁੰਦੇ ਹੋਏ ਭੀ ਪਸ਼ੂਆਂ ਦਾ ਦੇਹ ਪਵਿਤ੍ਰ ਹੁੰਦਾ ਹੈ, ਜੋ ਖਾਂਦੇ ਤਾਂ ਹਨ ਖੜ ਘਾਹ ਅਥਵਾ ਫੋਕਟ ਰੂਪ ਖਲ, ਪ੍ਰੰਤੂ ਅੰਮ੍ਰਿਤ ਦੁਧ ਦੇ ਸ੍ਵਾਦੀਕ ਪ੍ਰਵਾਹ ਧਾਰਾਂ ਨੂੰ ਵਗਾਂਦੇ ਹਨ, ਅਥਵਾ ਅੰਮ੍ਰਿਤ ਰੂਪ ਦੁਧ ਦਾ ਪ੍ਰਵਾਹ ਵਗਾ ਕੇ ਮਨੁੱਖ ਦਾ ਸੁਆਉ ਸ੍ਵਾਤਮ ਸੁਆਰਥ ਪ੍ਰਯੋਜਨ ਸਾਧ ਦਿੰਦੇ ਹਨ।

ਗੋਬਰ ਗੋਮੂਤ੍ਰ ਸੂਤ੍ਰ ਪਰਮ ਪਵਿਤ੍ਰ ਭਏ ਮਾਨਸ ਦੇਹੀ ਨਿਖਿਧ ਅੰਮ੍ਰਿਤ ਅਪਿਆਉ ਹੈ ।

ਸੂਤ੍ਰ ਰੀਤੀ ਬਿਧੀ ਅਥਵਾ ਡੌਲ ਸਿਰ ਵਰਤ੍ਯਾ ਹੋਯਾ ਇਨ੍ਹਾਂ ਦਾ ਗੋਹਾ ਮੂਤ੍ਰ ਭੀ ਪਰਮ ਪਵਿਤ੍ਰ ਅਪਵਿਤ੍ਰ ਧਰਤੀ ਆਦਿ ਨੂੰ ਪਵਿਤ੍ਰ ਕਰਣ ਹਾਰਾ ਵਾ ਹਿੰਦੂ ਮਤ ਅਨੁਸਾਰ ਪੰਚ ਗਬ੍ਯ ਆਦਿ ਦਾ ਅੰਗ ਬਣ ਸੂਤਕ ਤੋਂ ਉਤਪੰਨ ਹੋਈ ਅਸੁੱਧਤਾਈ ਨੂੰ ਦੂਰ ਕਰਣ ਹਾਰਾ ਹੁੰਦਾ ਹੈ; ਪਰ ਮਨੁੱਖ ਦੇਹ ਧਾਰੀ ਨਾਮ ਅੰਮ੍ਰਿਤ ਨੂੰ ਪੀਣ ਦੇ ਅਧਿਕਾਰ ਮਾਨਣੋ ਬੰਚਿਤ ਹੋਯਾ ਹੋਯਾ ਹੋਣ ਕਰ ਕੇ ਓਨਾਂ ਪਸ਼ੂਆਂ ਨਾਲੋਂ ਨਿੰਦਤ ਤਿਆਗਨ ਲੈਕ ਸਮਝਿਆ ਜਾਂਦਾ ਹੈ ਭਾਵ ਇਸਦਾ ਕੋਈ ਅੰਗ ਭੀ ਮੋਯਾਂ ਪਸ਼ੂਆਂ ਦੇ ਅੰਗਾਂ ਵਕੂੰ ਕੰਮ ਵਿਚ ਨਹੀਂ ਲ੍ਯਾਯਾ ਜਾ ਸਕਦਾ।

ਬਚਨ ਬਿਬੇਕ ਟੇਕ ਸਾਧਨ ਕੈ ਸਾਧ ਭਏ ਅਧਮ ਅਸਾਧ ਖਲ ਬਚਨ ਦੁਰਾਉ ਹੈ ।

ਹਾਂ! ਜੇਕਰ ਬਿਬੇਕ ਵਾਲੇ ਚੱਲਨ ਸੁਭਾਵ ਦੀ ਟੇਕ ਲੈ ਕੇ, ਅਥਵਾ ਬਿਬੇਕ ਪੂਰਬਕ ਗੁਰੂ ਮਹਾਰਾਜ ਦਿਆਂ ਚਰਣਾਂ ਦੀ ਟੇਕ ਨੂੰ ਧਾਰ ਕੇ ਸਤਿਗੁਰਾਂ ਦੀਆਂ ਉਪਦੇਸ਼ੀਆਂ ਸਾਧਨਾਂ ਨੂੰ ਕਰੇ ਪਾਲੇ ਤਾਂ ਸਾਧ ਭਲਾ ਪੁਰਖ ਗੁਰੂ ਕਾ ਸਿੱਖ ਸੰਤ ਬਣ ਜਾਂਦਾ ਹੈ। ਪਰ ਜੇਕਰ ਬਚਨ ਰੂਪ ਗੁਰ ਉਪਦੇਸ਼ ਤੋਂ ਦੂਰ ਰਹੇ ਅਥਵਾ ਬਾਣੀ ਵਿਚ ਹੇਰਾ ਫੇਰੀ ਕਰੇ ਤਾਂ ਐਸਾ ਮਨੁੱਖ ਹੀ ਅਧਮ ਨੀਚ ਪਾਂਬਰ ਭੈੜਾ ਤਥਾ ਮੂਰਖ ਕਿਹਾ ਜਾਂਦਾ ਹੈ।

ਰਸਨਾ ਅੰਮ੍ਰਿਤ ਰਸ ਰਸਿਕ ਰਸਾਇਨ ਹੁਇ ਮਾਨਸ ਬਿਖੈ ਧਰ ਬਿਖਮ ਬਿਖੁ ਤਾਉ ਹੈ ।੨੦੧।

ਤਾਤਪਰਯ ਇਹ ਕਿ ਜਿਹੜਾ ਤਾਂ ਗੁਰਸਿਖ੍ਯਾ ਨੂੰ ਮੰਨਣ ਕਰ ਕੇ ਸ੍ਰੇਸ਼ਟ ਪੁਰਖ ਸਿੱਖ ਸੰਤ ਬਣ ਜਾਂਦਾ ਹੈ, ਓਸ ਦੀ ਤਾਂ ਰਸਨਾ ਅੰਮ੍ਰਿਤ ਰਸ ਮਧੁਰ ਭਾਖੀ ਸੁਭਾਵ ਦੀ ਰਸੀਆ ਪ੍ਰੇਮਨ ਬਣ ਕੇ ਰਸਾਂ ਦੀ ਅਸਥਾਨ ਹੋਈ ਰਹਿੰਦੀ ਹੈ, ਪਰ ਜਿਹੜੇ ਗੁਰਸਿਖ੍ਯਾ ਨੂੰ ਨਹੀਂ ਸੁਣਦੇ ਮੰਨਦੇ ਓਹ+ਬਿਖੈ+ਧਰ ਵਿਖ੍ਯ ਵਾਸ਼ਨਾ ਰੂਪ ਵਿਖਮ ਭ੍ਯੰਕਰ ਬਿਖਤਾਉ ਵਿਹੁਲੇ ਭਾਵ ਕਰ ਕੇ ਸੰਪੰਨ ਦੂਸਰਿਆਂ ਨੂੰ ਡੰਗਨ ਹਾਰੇ ਦੁਸ਼ਟ ਪੁਰਖ ਹੁੰਦੇ ਹਨ। ਅਥਵਾ ਬਿਖੈ+ਧਾਰੀ ਸਰਪ ਸਮਾਨ ਓਨਾਂ ਦੇ ਅੰਦਰ ਵਿਹੁ ਦਾ ਤਾਉ ਜੋਸ਼ ਹੁੰਦਾ ਹੈ ॥੨੦੧॥