ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 174


ਤਨਕ ਹੀ ਜਾਵਨ ਕੈ ਦੂਧ ਦਧ ਹੋਤ ਜੈਸੇ ਤਨਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ ।

ਥੋੜੀ ਮਾਤ੍ਰ ਜਾਗ ਦਹੀਂ ਦੀ ਫੁੱਟੀ ਨਾਲ ਦੁਧ ਜਿਸ ਪ੍ਰਕਾਰ ਦਹੀਂ ਬਣ ਜਾਂਦਾ ਹੈ, ਅਤੇ ਥੋੜੀ ਜਿਤਨੀ ਹੀ ਕਾਂਜੀ ਛਿੱਟ ਦੇ ਪੈ ਗਿਆਂ ਦੁਧ ਫਿੱਟ ਜਾਯਾ ਕਰਦਾ ਹੈ।

ਤਨਕ ਹੀ ਬੀਜ ਬੋਇ ਬਿਰਖ ਬਿਥਾਰ ਹੋਇ ਤਨਕ ਹੀ ਚਿਨਗ ਪਰੇ ਭਸਮ ਹੁਇ ਸਮਾਤ ਹੈ ।

ਐਸਾ ਹੀ ਜੀਕੂੰ ਸੂਖਮ ਜਿਹਾ ਬੀਜ ਮਾਤ੍ਰ ਬੀਜਿਆਂ ਬਿਰਛ ਦਾ ਪਸਾਰਾ ਪਸਰ ਔਂਦਾ ਹੈ, ਅਤੇ ਰੰਚਕ ਭਰ ਚਿੰਗ੍ਯਾੜੀ ਦੇ ਪੈ ਜਾਣ ਨਾਲ ਸਾਰਾ ਹੀ ਪਸਾਰਾ ਸੁਆਹ ਹੋ ਧਰਤ ਵਿਚ ਸਮਾ ਜਾਂਦਾ ਹੈ।

ਤਨਕ ਹੀ ਖਾਇ ਬਿਖੁ ਹੋਤ ਹੈ ਬਿਨਾਸ ਕਾਲ ਤਨਕ ਹੀ ਅੰਮ੍ਰਿਤ ਕੈ ਅਮਰੁ ਹੋਇ ਗਾਤ ਹੈ ।

ਇਸੀ ਭਾਂਤ ਜਿਸ ਤਰ੍ਹਾਂ ਰਿਜਮ ਭਰ ਵਿਹੁ ਦੇ ਖਾਧਿਆਂ ਸਾਰ ਮੌਤ ਦਾ ਸਮਾਂ ਆਨ ਢੁੱਕਦਾ ਹੈ, ਅਤੇ ਥੋੜੇ ਮਾਤ੍ਰ ਹੀ ਅੰਮ੍ਰਿਤ ਅਚਨ ਨਾਲ ਅਮਰ ਹੋ ਜਾਈਦਾ ਹੈ।

ਸੰਗਤਿ ਅਸਾਧ ਸਾਧ ਗਨਿਕਾ ਬਿਵਾਹਿਤਾ ਜਿਉ ਤਨਕ ਮੈ ਉਪਕਾਰ ਅਉ ਬਿਕਾਰ ਘਾਤ ਹੈ ।੧੭੪।

ਇਸੇ ਤਰ੍ਹਾਂ ਹੀ ਜਿਸ ਪ੍ਰਕਾਰ ਵੇਸਵਾ ਅਰੁ ਅਸਾਧ ਭੈੜੇ ਪੁਰਖ ਦੀ ਸਗਤਿ ਥੋੜੇ ਮਾਤ੍ਰ ਵਿਖੇ ਹੀ ਉਪਕਾਰ ਨੂੰ ਘਾਤ ਨਾਸ ਕਰ ਸਿੱਟਦੀ ਹੈ, ਤਿਸੇ ਪ੍ਰਕਾਰ ਵਿਔਹੜ ਇਸਤ੍ਰੀ ਤਥਾ ਸਾਧੁ ਭਲੇ ਪੁਰਖ ਦੀ ਸੰਗਤਿ ਵਿਕਾਰੀ ਪ੍ਰਵਿਰਤੀ ਨੂੰ ਨਾਸ ਕਰ ਦਿੱਤਾ ਕਰਦੀ ਹੈ। ਭਾਵ ਜਿਸ ਤਰ੍ਹਾਂ ਅਨਵਿਆਹਿਆ ਆਦਮੀ ਵਿਔਂਹਦੇ ਸਾਰ ਹੀ ਅਪਣੀ ਬਿਵਾਹਤਾ ਇਸਤ੍ਰੀ ਦੀ ਸਮੀਪਤਾ ਮਾਤ੍ਰ ਤੇ ਹੀ ਬਿਭਚਾਰ ਆਦਿ ਵਾਲੀ ਭੈੜੀ ਪ੍ਰਵਿਰਤੀ ਤੋਂ ਬਚ ਜਾਂਦਾ ਹੈ ਇਸੇ ਤਰ੍ਹਾਂ ਸਤ ਸੰਗਤ ਤੋਂ ਬੰਚਿਤ ਆਦਮੀ ਕੁਸੰਗੀ ਪ੍ਰਵਿਰਤੀ ਤੋਂ ਸਤਿਸੰਗ ਪ੍ਰਾਪਤੀ ਮਾਤ੍ਰ ਤੇ ਹੀ ਇਕ ਦਮ ਬਚਕੇ ਪ੍ਰੇਮੀ ਬਣ ਜਾਯਾ ਕਰਦਾ ਹੈ ॥੧੭੪॥


Flag Counter