ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 97


ਸਾਧਸੰਗ ਗੰਗ ਮਿਲਿ ਸ੍ਰੀ ਗੁਰ ਸਾਗਰ ਮਿਲੇ ਗਿਆਨ ਧਿਆਨ ਪਰਮ ਨਿਧਾਨ ਲਿਵ ਲੀਨ ਹੈ ।

ਸਾਧ ਸੰਗਿ ਗੰਗ ਮਿਲਿ ਗੁਰ ਸਿਖਾਂ ਦੀ ਸਤਸੰਗਤ ਰੂਪ ਗੰਗਾ ਨਾਲ ਮਿਲਿਆਂ ਸ੍ਰੀ ਗੁਰੂ ਕਲ੍ਯਾਨ ਸਰੂਪ ਸੋਭਾਯਮਾਨ ਸਤਿਗੁਰ ਸਮੁੰਦਰ ਦਾ ਮੇਲਾ ਸਾਖ੍ਯਾਤ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਜਿੱਥੋਂ ਫੇਰ ਗਿਆਨ ਅਰ ਧਿਆਨ ਦੇ ਪਰਮ ਨਿਧਾਨ ਪਰਮ ਭੰਡਾਰ ਰੂਪ ਸਤਿਗੁਰ ਅੰਤਰਯਾਮੀ ਦੇ ਸ੍ਵਰੂਪ ਵਿਖੇ ਲਿਵਲੀਨ ਹੋ ਜਾਂਦਾ ਹੈ।

ਚਰਨ ਕਮਲ ਮਕਰੰਦ ਮਧੁਕਰ ਗਤਿ ਚੰਦ੍ਰਮਾ ਚਕੋਰ ਗੁਰ ਧਿਆਨ ਰਸ ਭੀਨ ਹੈ ।

ਅਰਥਾਤ ਮਧੁਕਰ ਗਤਿ ਭੌਰੇ ਸਮਾਨ ਪ੍ਰੇਮੀ ਹੋ ਕੇ ਸਤਿਗੁਰੂ ਦੇ ਚਰਣ ਕਮਲਾਂ ਦੀ ਮਕਰੰਦ ਧੂਲੀ ਰਸਪੁਸ਼ਪ ਮਦ ਵਿਚ ਅਤੇ ਚਕੋਰ ਵਾਕੂੰ ਸਤਿਗੁਰਾਂ ਦੇ ਦਰਸ਼ਨ ਰੂਪ ਚੰਦ੍ਰਮਾਂ ਦੇ ਧ੍ਯਾਨ ਰਸ ਵਿਚ ਭੀਨ ਹੈ ਭਿਜ੍ਯ ਰਹਿੰਦਾ ਤਰ ਹੋਯਾ ਰਹਿੰਦਾ ਹੈ।

ਸਬਦ ਸੁਰਤਿ ਮੁਕਤਾਹਲ ਅਹਾਰ ਹੰਸ ਪ੍ਰੇਮ ਪਰਮਾਰਥ ਬਿਮਲ ਜਲ ਮੀਨ ਹੈ ।

ਅਰੁ ਸ਼ਬਦ ਵਿਖੇ ਸੁਰਤ ਜੋੜਨ ਲਈ ਕੂੜਿਆਂ ਸੰਕਲਪਾਂ ਘੁੱਗੇ ਆਦਿ ਨੂੰ ਤ੍ਯਾਗ ਕੇ ਸ਼ਬਦ ਮਾਤ੍ਰ ਮੋਤੀ ਦੇ ਹੀ ਅਹਾਰ ਕਰਨ ਵਾਸਤੇ ਉਹ ਹੰਸ ਵਤ ਹੁੰਦਾ ਹੈ। ਵਾ ਸਤਿਗੁਰਾਂ ਸ਼ਬਦ ਬਚਨ ਸੁਰਤਿ ਸੁਣ ਸੁਣ ਕੇ ਓਨਾਂ ਵਿਚੋਂ ਉਦੇਸ਼ ਭਰੀਆਂ ਬਾਤਾਂ ਰੂਪ ਮੁਕਤਾਹਲ ਮੋਤੀ ਚੁਣ ਚੁਣਕੇ ਅਹਾਰ ਕਰਨ ਲਈ ਕਮਾਨ ਖਾਤਰ ਉਹ ਹੰਸ ਸਮਾਨ ਬਣ ਜਾਂਦਾ ਹੈ ਅਤੇ ਨਿਰਮਲ ਪਰਮਾਰਥ ਜਿਸ ਅਰਥ ਤੋਂ ਪਰੇ ਹੋਰ ਕੋਈ ਪਰਯੋਜਨ ਹੋ ਹੀ ਨਹੀਂ ਸਕਾ, ਐਸੇ ਪਰਮ ਤੱਤ ਸਰੂਪੀ ਮੁਕਤ ਪਦ ਵਿਖੇ ਐਡਾ ਪ੍ਰੇਮ ਧਾਰਣ ਕਰ ਲੈਂਦਾ ਹੈ ਜਿੱਡਾ ਕਿ ਜਲ ਵਿਖੇ ਮੀਨ ਮੱਛ ਦਾ ਹੁੰਦਾ ਹੈ।

ਅੰਮ੍ਰਿਤ ਕਟਾਛ ਅਮਰਾਪਦ ਕ੍ਰਿਪਾ ਕ੍ਰਿਪਾਲ ਕਮਲਾ ਕਲਪਤਰ ਕਾਮਧੇਨਾਧੀਨ ਹੈ ।੯੭।

ਇਸ ਪ੍ਰਕਾਰ ਲਿਵਲੀਨ ਹੋਯਾਂ ਕ੍ਰਿਪਾਲ ਕਿਰਪਾ ਦੇ ਮੰਦਿਰ ਸਤਿਗੁਰਾਂ ਦੀ ਕਿਰਪਾ ਦ੍ਵਾਰੇ ਅੰਮ੍ਰਿਤ ਮਈ ਕ੍ਰਿਪਾ ਕਟਾਖ੍ਯ ਮਿਹਰਾਂ ਭਰੀ ਅੰਮ੍ਰਿਤ ਬਰਸੌਣੀ ਨਿਗ੍ਹਾ ਨਾਲ ਤੱਕਨਾ ਪ੍ਰਾਪਤ ਹੁੰਦਾ ਹੈ ਜੋ ਅਮਰਾਪਦ ਅਬਿਨਾਸੀ ਪਦ ਦੀ ਪ੍ਰਾਪਤੀ ਦਾ ਕਾਰਣ ਹੈ ਅਤੇ ਜਿਸ ਕ੍ਰਿਪਾ ਕਟਾਖ੍ਯ ਦੇ ਕਮਲਾ ਲਛਮੀ ਕਲਪਤਰੁ ਸੁਰਗੀ ਨੰਦਨ ਬਨ ਦਾ ਭੂਖਣ ਰੂਪ ਕਾਮਨਾ ਪੂਰੀਆਂ ਕਰਣ ਹਾਰਾ ਬਿਰਛ, ਅਰੁ ਕਾਮਧੇਨੁ ਕਾਮਨਾ ਪੂਰੀਆਂ ਕਰਣਹਾਰੀ ਸੁਰਗੀ ਗਊ ਸਭ ਅਧੀਨ ਹਨ ॥੯੭॥