ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 24


ਗੁਰਮਤਿ ਸਤਿ ਕਰਿ ਚੰਚਲ ਅਚਲ ਭਏ ਮਹਾ ਮਲ ਮੂਤ੍ਰ ਧਾਰੀ ਨਿਰਮਲ ਕੀਨੇ ਹੈ ।

ਜਿਨ੍ਹਾਂ ਨੇ ਗੁਰਮਤਿ = ਗੁਰਾਂ ਦੇ ਉਪਦੇਸ਼ ਵੀਚਾਰ ਵਾ ਮਤੇ ਨੂੰ ਸਤਿ ਯਥਾਰਥ ਕਰ ਕੇ ਮੰਨਿਆ ਹੈ, ਉਹ ਚੰਚਲ ਭਾਵ ਭਟਕਨਾ ਵਾਲੇ ਸੁਭਾਵ ਨੂੰ ਤਿਆਗ ਕੇ ਅਚਲ ਭਏ ਸ਼ਾਂਤ ਬਿਰਤੀ ਵਾਲੇ ਸਾਤਕੀ ਬਣ ਗਏ ਹਨ, ਅਰੁ ਅਤ੍ਯੰਤ ਮਲ ਮੂਤ੍ਰ ਧਾਰੀ ਮਲ ਮੂਤ੍ਰ ਦੇ ਸਾਜੇ ਦੇਹ ਦੀ ਲਿੰਬਾ ਪੋਚੀ ਵਾ ਪਾਲਨਾ ਪੋਖਨਾ ਦਾ ਹੀ ਇਕ ਮਾਤ੍ਰ ਫਿਕਰ ਜਿਨ੍ਹਾਂ ਨੂੰ ਲਗਾ ਰਹਿੰਦਾ ਸੀ, ਓਨ੍ਹਾਂ ਨੂੰ ਗੁਰ ਉਪਦੇਸ਼ ਦੇ ਯਥਾਰਥ ਕਰ ਕੇ ਮੰਨਣ ਕਾਰਣ, ਸਤਿਗੁਰਾਂ ਨੇ ਨਿਰਮਲ ਕਰ ਲਿਆ ਹੈ ਭੈੜੀਆਂ ਵਾਸ਼ਨਾਂ ਤੋਂ ਛੁਡਾਕੇ ਅਪਨੇ ਪੰਨੇ ਪਾ ਲਿਆ ਵਾ ਸ਼ੁੱਧ ਆਤਮਾ ਬਣਾ ਲਿੱਤਾ ਹੈ।

ਗੁਰਮਤਿ ਸਤਿ ਕਰਿ ਜੋਨਿ ਕੈ ਅਜੋਨਿ ਭਏ ਕਾਲ ਸੈ ਅਕਾਲ ਕੈ ਅਮਰ ਪਦ ਦੀਨੇ ਹੈ ।

ਜਿਨ੍ਹਾਂ ਨੇ ਇਞੇਂ ਹੀ ਸਤਿਗੁਰਾਂ ਦੇ ਉਪਦੇਸ਼ ਨੂੰ ਸਚੋ ਸੱਚ ਕਰ ਕੇ ਮੰਨਿਆ ਹੈ ਮਾਤ ਜੋਨੀ ਵਿਚ ਆਉਣ ਤੋਂ ਭਾਵ ਜੂਨਾਂ ਵਿਚ ਭਟਕਨੋਂ ਛੁੱਟਕੇ ਅਗੇ ਲਈ ਅਜੋਨਿ ਭਏ = ਅਜਨਮੇ ਬਣ ਗਏ ਹਨ, ਅਰੁ ਸਤਿਗੁਰਾਂ ਨੇ ਅਪਣੇ ਉਪਦੇਸ਼ ਦੇ ਬਲ ਕਰ ਕੇ ਕਾਲ ਤੋਂ ਮੌਤ ਦਾ ਸ਼ਿਕਾਰ ਹੋਣੋ = ਮਰਣੋਂ ਅਕਾਲ ਕੈ = ਮਰਣ ਰਹਿਤ ਬਣਾ ਕੇ ਸਤਿਗੁਰਾਂ ਨੇ ਓਨ੍ਹਾਂ ਨੂੰ ਅਮਰ ਪਦ = ਅਬਿਨਾਸ਼ੀ ਇਸਥਿਤੀ ਵਾ ਨਾਸ਼ ਰਹਿਤ ਸ੍ਰੇਸ਼ਟ ਗਤੀ ਮੁਕਤੀ ਬਖਸ਼ ਦਿੱਤੀ ਹੈ।

ਗੁਰਮਤਿ ਸਤਿ ਕਰਿ ਹਉਮੈ ਖੋਇ ਹੋਇ ਰੇਨ ਤ੍ਰਿਕੁਟੀ ਤ੍ਰਿਬੇਨੀ ਪਾਰਿ ਆਪਾ ਆਪ ਚੀਨੇ ਹੈ ।

ਜਿਨ੍ਹਾਂ ਨੇ ਗੁਰਮਤਿ ਨੂੰ ਸਤਿ ਕਰ ਕੇ ਮੰਨ੍ਯਾ ਵਾ ਗੁਰਮਤਿ ਦੀ ਸਤਿ ਸਤ੍ਯਾ = ਬਲ ਕਰ ਕੇ, ਗੁਰਸਿਖ ਹਉਮੈ ਹੰਕਾਰ ਵਾਲੀ ਬਿਰਤੀ ਨੂੰ ਖੋਇ ਗੁਆਕੇ ਹੋਇ ਰੇਨੁ = ਧੂਲੀ ਸਮਾਨ ਨਿੰਮਰਤਾਈ ਦੇ ਧਾਰਣ ਵਾਲਾ ਬਣ ਜਾਂਦਾ ਹੈ, ਅਤੇ ਇਸੇ ਕਰ ਕੇ ਤ੍ਰਿਕੁਟੀ ਸ਼ਰੀਰ ਦੇ ਅੰਤਰ ਵਰਤੀ ਉਤਪਤਿ ਇਸਥਿਤੀ ਅਰੁ ਸੰਘਾਰ ਕਰਤਾ ਸ਼ਕਤੀਆਂ ਦੇ ਨਿਵਾਸ ਅਸਥਾਨ ਅਰੁ ਤ੍ਰਿਬੇਣੀ ਇੜਾ ਪਿੰਗਲਾ ਸੁਖਮਣਾ ਰੂਪ ਪ੍ਰਾਣ ਧਾਰਾਂ ਦੇ ਮਿਲੌਣੀ ਅਸਥਾਨ ਨੂੰ ਉਲੰਘ ਕੇ ਪਿੰਡ ਮੰਡਲੋਂ ਅਰੁ ਬ੍ਰਹਮੰਡ ਦੀ ਹੱਦੋਂ ਪਾਰ ਹੋ ਕੇ ਆਪ ਰੂਪ ਹੋਏ ਸਭ ਦੇ ਆਪੇ ਸਰੂਪ ਪਰਮ ਤੱਤ ਨੂੰ ਚੀਨੇ ਹੈ ਪਛਾਣ ਲੈਂਦਾ ਹੈ।

ਗੁਰਮਤਿ ਸਤਿ ਕਰਿ ਬਰਨ ਅਬਰਨ ਭਏ ਭੈ ਭ੍ਰਮ ਨਿਵਾਰਿ ਡਾਰਿ ਨਿਰਭੈ ਕੈ ਲੀਨੇ ਹੈ ।੨੪।

ਤਾਤਪਰਯ ਕੀਹ ਕਿ ਸਤਿਗੁਰਾਂ ਦੇ ਉਪਦੇਸ਼ ਨੂੰ ਸਤਿ ਬਚਨ ਰੂਪ ਮੰਨਕੇ ਗੁਰਮੁਖ ਬ੍ਰਾਹਮਣ ਖਤਰੀ ਆਦਿ ਵਰਨ ਭਾਵੋਂ ਛੁਟਕੇ ਅਬਰਨ ਵਰਣ ਆਸ਼ਰਮ ਦੇ ਅਭਿਮਾਨ ਤੋਂ ਰਹਤ ਹੋ ਜਾਂਦਾ ਹੈ, ਡਰ ਨੂੰ ਦੂਰ ਕਰ ਕੇ ਤੇ ਭਰਮ ਸੰਸੇ ਨੂੰ ਪਰੇ ਸਿੱਟ ਕੇ ਨਿਰਭੈ ਪਦ ਮੁਕਤ ਪਦਵੀ ਵਿਖੇ ਲੀਨ ਹੋ ਜਾਂਦਾ ਹੈ ॥੨੪॥