ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 448


ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਐਸੋ ਪਤਿਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ ।

ਗੁਰੂ ਸਿੱਖ ਸੰਗਤ ਦੇ ਮਿਲਾਪ ਦਾ ਮਹਾਤਮ ਐਹੋ ਜਿਹਾ ਹੈ ਕਿ ਪਤਿਬ੍ਰਤਾ ਸਿੱਖੀ ਭਾਵ ਵਾਲੇ ਬ੍ਰਤ ਪ੍ਰਣ ਨੂੰ ਧਾਰ ਕੇ ਅਰਥਾਤ ਇਕੋ ਗੁਰੂ ਮਹਾਰਾਜ ਦੀ ਟੇਕ ਲੈ ਕੇ ਦੁਚਿਤਾਈ ਸੰਸੇ; ਤੌਖਲੇ ਆਦਿ ਦੀ ਬਾਣ ਦੂਰ ਕਰ ਦਿੱਤੀ ਜਾਂਦੀ ਹੈ।

ਪੂਛਤ ਨ ਜੋਤਕ ਅਉ ਬੇਦ ਥਿਤਿ ਬਾਰ ਕਛੁ ਗ੍ਰਿਹ ਅਉ ਨਖਤ੍ਰ ਕੀ ਨ ਸੰਕਾ ਉਰ ਧਾਰੀ ਹੈ ।

ਅਰਥਾਤ ਗੁਰੂ ਕਾ ਸਿੱਖ ਨਾ ਤਾਂ ਕਿਸੇ ਕਾਰਜ ਅਰੰਭਨ ਲਗਿਆਂ ਜੋਤਿਸ਼ ਹੀ ਪੁਛਦਾ ਹੈ; ਅਤੇ ਨਾ ਹੀ ਬੇਦਾਂ ਦੀ ਹੀ ਪ੍ਰੀਛ੍ਯਾ ਪੌਂਦਾ: ਅਥਵਾ ਥਿੱਤ ਵਾਰ ਆਦਿ ਬਾਬਤ ਹੀ ਪੁਛਦਾ ਹੈ ਅਤੇ ਨਾ ਹੀ ਨੌਵਾਂ ਗ੍ਰੈਹਾਂ ਤਥਾ ਨਖ੍ਯਤਰ ਆਦਿਕਾਂ ਦੀ ਹੀ ਸ਼ੰਕਾ ਚਿਤਵਨੀ ਚਿੱਤ ਅੰਦਰ ਲਿਔਂਦਾ ਹੈ।

ਜਾਨਤ ਨ ਸਗਨ ਲਗਨ ਆਨ ਦੇਵ ਸੇਵ ਸਬਦ ਸੁਰਤਿ ਲਿਵ ਨੇਹੁ ਨਿਰੰਕਾਰੀ ਹੈ ।

ਉਹ ਸਗਨ ਲਗਨ ਕੁਛ ਨਹੀਂ ਜਾਣਦਾ ਸਮਝਦਾ ਤੇ ਨਾ ਹੀ ਆਨ ਦੇਵਾਂ ਦਾ ਸੇਵਨ ਹੀ ਕੁਛ ਮੰਨਦਾ ਹੈ; ਓਸ ਦਾ ਤਾਂ ਸ਼ਬਦ ਵਿਖੇ ਸੁਰਤਿ ਦੀ ਲਿਵ ਲੌਣ ਮਾਤ੍ਰ ਨਾਲ ਹੀ ਪ੍ਯਾਰ ਹੁੰਦਾ ਹੈ; ਅਤੇ ਉਹ ਨਿਰੰਕਾਰੀ ਨਿਰੰਕਾਰ ਪ੍ਰਾਯਣ ਰਹਿਣ ਵਾਲਾ ਹੁੰਦਾ ਹੈ; ਭਾਵ ਗੁਰ ਸਿੱਖ ਹਰ ਕਾਰਯ ਦੇ ਆਰੰਭ ਤਥਾ ਸਮਾਪਤੀ ਸਮੇਂ ਇਕ ਮਾਤ੍ਰ ਸ਼ਬਦ ਦਾਹੀ ਸੁਰਤ ਦ੍ਵਾਰਾ ਅਰਾਧਾਨ ਕਰਦੇ ਹੋਏ ਇਕ ਮਾਤ੍ਰ ਨਿਰੰਕਾਰ ਪ੍ਰਾਯਣ ਰਹਿੰਦੇ ਹਨ; ਬਸ ਏਹੋ ਹੀ ਇਨ੍ਹਾਂ ਦਾ ਅਨੰਨ ਇਸ਼ਟ ਅਰਾਧਨ ਹੈ।

ਸਿਖ ਸੰਤ ਬਾਲਕ ਸ੍ਰੀ ਗੁਰ ਪ੍ਰਤਿਪਾਲਕ ਹੁਇ ਜੀਵਨ ਮੁਕਤਿ ਗਤਿ ਬ੍ਰਹਮ ਬਿਚਾਰੀ ਹੈ ।੪੪੮।

ਇਸੇ ਕਰ ਕੇ ਹੀ ਇਉਂ ਸਮਝੋ ਕਿ ਸਿੱਖ ਸੰਤ ਬਾਲਕ ਬੱਚੇ ਹਨ ਤੇ ਸ੍ਰੀ ਸਤਿਗੁਰੂ ਦੇਵ ਪ੍ਰਤਿਪਾਲਾ ਕਰਣਹਾਰੇ ਬਚ੍ਯਾਂ ਦੇ ਮਾਪੇ ਸੋ ਉਹ ਓਨ੍ਹਾਂ ਨੂੰ ਬ੍ਰਹਮ ਵੀਚਾਰ ਵਾਲੇ ਯਾ ਬ੍ਰਹਮ ਵਿਖੇ ਵਰਤਾਨ ਵਾਲੇ ਏਨਾਂ ਨੂੰ ਬਣਾ ਕੇ ਜੀਵਨ ਮੁਕਤ ਗਤੀ ਵਾਲੇ ਭਾਵ; ਸਮੂਹ ਵਿਘਨਾਂ ਤੋਂ ਰਹਿਤ ਜੀਵਨ ਭਰ ਵਿਖੇ ਵਰਤਨ ਵਾਲੇ ਬਣਾਈ ਰਖਦੇ ਹਨ ਅਰੁ ਕਿਸੇ ਹੋਰ ਜੋਤਿਸ਼ ਆਦਿ ਸੰਬਧੀ ਪੁਛਗਿਛ ਪ੍ਰੀਛੇ ਆਦਿ ਦੀ ਲੋੜ ਜੋਗਿਆਂ ਨਹੀਂ ਰਹਿਣ ਦਿੰਦੇ ॥੪੪੮॥


Flag Counter