ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 454


ਜੈਸੇ ਤਉ ਨਗਰ ਏਕ ਹੋਤ ਹੈ ਅਨੇਕ ਹਾਟੈ ਗਾਹਕ ਅਸੰਖ ਆਵੈ ਬੇਚਨ ਅਰੁ ਲੈਨ ਕਉ ।

ਫੇਰ ਜਿਸ ਤਰ੍ਹਾਂ ਨਗਰ ਤਾਂ ਇਕ ਹੁੰਦਾ ਤੇ ਹਟੀਆਂ ਓਸ ਵਿਖੇ ਅਨੇਕਾਂ ਹੁੰਦੀਆਂ ਹਨ; ਅਤੇ ਇਵੇਂ ਹੀ ਅਸੰਖ੍ਯਾਤ ਅਨਗਿਣਤਾਂ ਹੀ ਗਾਹਕ ਓਨਾਂ ਉਪਰ ਕੁਛ ਵੇਚਨ ਅਰੁ ਕੁਛ ਲੈਣ ਖ੍ਰੀਦਨ ਲਈ ਆਯਾ ਕਰਦੇ ਹਨ।

ਜਾਪੈ ਕਛੁ ਬੇਚੈ ਅਰੁ ਬਨਜੁ ਨ ਮਾਗੈ ਪਾਵੈ ਆਨ ਪੈ ਬਿਸਾਹੈ ਜਾਇ ਦੇਖੈ ਸੁਖ ਨੈਨ ਕਉ ।

ਜਿਸ ਦੇ ਪਾਸ ਕੋਈ ਕੁਛ ਵੇਚਨਾ ਚਾਹੇ ਅਤੇ ਅਗੋਂ ਮੰਗਿਆ ਮਨ ਭੌਂਦਾ ਸੌਦਾ ਪ੍ਰਾਪਤ ਨਾ ਹੋਵੇ ਤਾਂ ਉਹ ਆਦਮੀ ਦੂਸਰੇ ਸੁਦਾਗਰ ਪਾਸੋਂ ਸੌਦਾ ਜਾ ਖ੍ਰੀਦਿਆ ਕਰਦਾ ਹੈ। ਐਸੀ ਸੂਰਤ ਵਿਚ ਜਿਥੋਂ ਸੌਦਾ ਨਹੀਂ ਮਿਲ੍ਯਾ; ਉਹ ਅਪਣੀਂ ਅੱਖੀਂ ਦੂਈ ਹੱਟੀ ਤੋਂ ਸੌਦਾ ਖ੍ਰੀਦਦਿਆਂ ਦੇਖਦਾ ਭੀ ਹੈ; ਪ੍ਰੰਤੂ ਨੇਤ੍ਰ ਓਸ ਦੇ ਸੁਖੀ ਰਹਿੰਦੇ ਹਨ ਅਰਥਾਤ ਦੇਖ ਕੇ ਸੜਦਾ ਨਹੀਂ ਅਖੀਂ ਠੰਢ ਕਲੇਜੇ ਸੁਖ ਉਸ ਦੇ ਵਰਤਦੀ ਰਹਿੰਦੀ ਹੈ।

ਜਾ ਕੀ ਹਾਟ ਸਕਲ ਸਮਗ੍ਰੀ ਪਾਵੈ ਅਉ ਬਿਕਾਵੈ ਬੇਚਤ ਬਿਸਾਹਤ ਚਾਹਤ ਚਿਤ ਚੈਨ ਕਉ ।

ਇਸ ਲਈ ਜਿਸ ਦੀ ਹੱਟੀ ਤੋਂ ਸਾਰੀ ਲੁੜੀਂਦੀ ਸਮਗ੍ਰੀ ਸੌਦਾ ਸੂਤ ਪ੍ਰਾਪਤ ਹੋਵੇ ਅਤੇ ਵੇਚ੍ਯਾ ਜਾ ਸਕੇ ਕੇਵਲ ਉਥੇ ਹੀ ਬੇਚਦਿਆਂ ਖ੍ਰੀਦਦਿਆਂ ਚਿੱਤ ਨੂੰ ਚੈਨ ਔਂਦਾ ਹੈ ਤਾਂ ਤੇ ਐਹੋ ਜੇਹੀ ਥਾਂ ਤੇ ਹੀ ਲੈਣ ਦੇਣ ਦਾ ਵਪਾਰ ਕੀਤਾ ਭਲਾ ਹੈ।

ਆਨ ਦੇਵ ਸੇਵ ਜਾਹਿ ਸਤਿਗੁਰ ਪੂਰੇ ਸਾਹ ਸਰਬ ਨਿਧਾਨ ਜਾ ਕੈ ਲੈਨ ਅਰੁ ਦੈਨ ਕਉ ।੪੫੪।

ਸੋ ਹੋਰਨਾਂ ਦੇਵਤਿਆਂ ਨੂੰ ਸੇਵ ਕੇ ਜੇਕਰ ਪੂਰੇ ਪੂਰੇ ਸ਼ਾਹ ਸਰੂਪ ਸਤਿਗੁਰਾਂ ਦੀ ਸਤਿਸੰਗ ਰੂਪ ਹੱਟੀ ਤੇ ਜਾਵੇ ਜਿਸ ਦੇ ਪਾਸ ਕਿ ਸਭ ਭਾਂਤ ਦੇ ਪਦਾਰਥ ਲੈਣ ਦੇਣ ਲਈ ਮੌਜੂਦ ਹਨ ਤਾਂ ਦੇਵਤਿਆਂ ਦੇ ਭੀ ਸੁਖ ਕਲੇਜੇ; ਅਖੀਂ ਠੰਢ ਵਰਤ੍ਯਾ ਕਰਦੀ ਹੈ; ਭਾਵ ਸਤਿਗੁਰਾਂ ਦੇ ਦ੍ਵਾਰੇ ਔਂਦਿਆਂ ਦੇਵਤੇ ਵਿਘਨ ਨਹੀਂ ਪਾਇਆ ਕਰਦੇ। ਇਸ ਲਈ ਸਤਿਗੁਰੂ ਦਾ ਦੁਆਰਾ ਛੋੜ ਕੇ ਆਨ ਦੇ ਦੇਵ ਸੇਵਨ ਖਾਤਰ ਕਦੀ ਨ ਜਾਵੇ ਤੇ ਆਨ ਦੇਵ ਸੇਵਾ ਤ੍ਯਾਗ ਗੁਰੂ ਘਰ ਅੋਣ ਵਿਖੇ ਸਭ ਪ੍ਰਕਾਰ ਹੀ ਹਿਤ ਅਰੁ ਭਲਾ ਲੋਚੇ ॥੪੫੪॥