ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 441


ਜੈਸੇ ਬਛੁਰਾ ਬਿਛੁਰ ਪਰੈ ਆਨ ਗਾਇ ਥਨ ਦੁਗਧ ਨ ਪਾਨ ਕਰੈ ਮਾਰਤ ਹੈ ਲਾਤ ਕੀ ।

ਜਿਸ ਤਰ੍ਹਾਂ ਵੱਛਾ ਗਾਂ ਨਾਲੋਂ ਵਿਛੁੜਾ ਅੱਡ ਹੋ ਕੇ ਦੂਸਰੀ ਗਾਂ ਦੇ ਥਨੀਂ ਜਾ ਪਵੇ ਤਾਂ ਦੁੱਧ ਤਾਂ ਨਹੀਂ ਪੀਣਾ ਮਿਲਦਾ ਹਾਂ! ਉਹ ਉਲਟੀ ਲੱਤ ਨੂੰ ਮਾਰਿਆ ਕਰਦੀ ਹੈ।

ਜੈਸੇ ਮਾਨਸਰ ਤਿਆਗਿ ਹੰਸ ਆਨਸਰ ਜਾਤ ਖਾਤ ਨ ਮੁਕਤਾਫਲ ਭੁਗਤ ਜੁਗਾਤ ਕੀ ।

ਜਿਸ ਤਰ੍ਹਾਂ ਮਾਨ ਸ੍ਰੋਵਰ ਅੰਮ੍ਰਿਤ ਦੇ ਸੋਮੇ ਨੂੰ ਤ੍ਯਾਗ ਕੇ ਹੰਸ ਕਿਸੇ ਦੂਏ ਸਰੋਵਰ ਉਪਰ ਜਾ ਵੱਸੇ ਤਾਂ ਮੋਤੀ ਫਲ ਜੋ ਓਸ ਦੇ ਗਾਤ ਸਰੀਰ ਦੀ ਭੁਗਤ ਭੋਜਨ ਹੁੰਦਾ ਹੈ ਓਹ ਉਸ ਨੂੰ ਖਾਣ ਲਈ ਨਹੀਂ ਮਿਲ ਸਕ੍ਯਾ ਕਰਦੇ।

ਜੈਸੇ ਰਾਜ ਦੁਆਰ ਤਜਿ ਆਨ ਦੁਆਰ ਜਾਤ ਜਨ ਹੋਤ ਮਾਨੁ ਭੰਗੁ ਮਹਿਮਾ ਨ ਕਾਹੂ ਬਾਤ ਕੀ ।

ਜਿਸ ਤਰ੍ਹਾਂ ਰਾਜ ਦੁਆਰੇ ਰਾਜ ਦਰਬਾਰ ਨੂੰ ਤ੍ਯਾਗ ਕੇ ਕਿਸੇ ਹੋਰ ਦੁਆਰੇ ਆਦਮੀ ਚਲ੍ਯਾ ਜਾਵੇ ਭਾਵ ਆਪਣੀ ਸਰਕਾਰ ਨੂੰ ਤ੍ਯਾਗ ਕੇ ਕੋਈ ਹੋਰ ਸ੍ਰਕਾਰ ਥਾਪ ਲਵੇ ਤਾਂ ਉਥੇ ਕਿਸੇ ਗੱਲ ਦੀ ਮਹਿਮਾ ਕਦਰ ਨਹੀਂ ਹੁੰਦੀ ਸਗੋਂ ਮਨ ਖਿੰਨ ਹੋ ਹੋ ਪਿਆ ਕਰਦਾ ਹੈ ਭਾਵ ਨਵੀਂ ਸ੍ਰਕਾਰ ਓਸ ਨੂੰ ਭਗੌੜਾ ਜਾਣ ਕੇ ਓਸ ਦਾ ਇਤਬਾਰ ਨਹੀਂ ਕਰ੍ਯਾ ਕਰਦੀ ਜਿਸ ਕਕੇ ਦੁਖੀ ਰਿਹਾ ਕਰਦਾ ਹੈ।

ਤੈਸੇ ਗੁਰਸਿਖ ਆਨ ਦੇਵ ਕੀ ਸਰਨ ਜਾਹਿ ਰਹਿਓ ਨ ਪਰਤ ਰਾਖਿ ਸਕਤ ਨ ਪਾਤ ਕੀ ।੪੪੧।

ਤਿਸੀ ਪ੍ਰਕਾਰ ਜੇਕਰ ਗੁਰੂ ਕਾ ਸਿੱਖ ਸਤਿਗੁਰਾਂ ਨੂੰ ਤ੍ਯਾਗ ਕੇ ਹੋਰਸ ਦੇਵਤਾ ਦੀ ਸ਼ਰਣ ਜਾਵੇ ਤਾਂ ਉਥੇ ਭੀ ਉਹ ਰਹਿਣਾ ਨਹੀਂ ਪੌਂਦਾ; ਕ੍ਯੋਂਕਿ ਉਹ ਦੇਵਤਾ ਓਸ ਗੁਰ ਦ੍ਰੋਹੀ ਪਾਤਕੀ ਪਾਪੀ ਨੂੰ ਅਪਣੇ ਪਾਸ ਸ਼ਰਣ ਵਿਚ ਰਖ ਨਹੀਂ ਸਕਿਆ ਕਰਦਾ ॥੪੪੧॥


Flag Counter