ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 547


ਪਰ ਤ੍ਰਿਅ ਦੀਰਘ ਸਮਾਨਿ ਲਘੁ ਜਾਵਦੇਕ ਜਨਨੀ ਭਗਨੀ ਸੁਤਾ ਰੂਪ ਕੈ ਨਿਹਾਰੀਐ ।

ਵਡੀ ਬ੍ਰੋਬਰੀ ਦੀ ਛੋਟੀ ਜਿਥੋਂ ਤਕ ਭੀ ਯਾ ਜਿਤਨੀ ਮਾਤ੍ਰ ਭੀ ਕੋਈ ਪਰਾਈ ਇਸਤ੍ਰੀ ਆਖੀ ਜਾ ਸਕਦੀ ਹੈ, ਓਸ ਵਡੀ ਨੂੰ ਮਾਤਾ ਬ੍ਰੋਬਰ ਦੀ ਨੂੰ ਭੈਣ, ਛੋਟੀ ਨੂੰ ਧੀ ਰੂਪ ਕਰ ਕੇ ਤਕੀਏ।

ਪਰ ਦਰਬਾਸਹਿ ਗਊ ਮਾਸ ਤੁਲਿ ਜਾਨਿ ਰਿਦੈ ਕੀਜੈ ਨ ਸਪਰਸੁ ਅਪਰਸ ਸਿਧਾਰੀਐ ।

ਸਹਿ ਸਾਥ ਹੀ ਵਾਸਹਿ ਇਕੱਠੇ ਕੀਤੇ ਸਭ ਭਾਂਤ ਦੇ ਸਮੂਲਚੇ ਹੀ ਪਰ ਦਰਬਾ ਪਰਾਏ ਧਨ ਮਨ ਅੰਦਰ ਗਊ ਦੇ ਮਾਸ ਬ੍ਰੋਬਰ ਅਭੱਖ ਰੂਪ ਹਰਾਮ ਜਾਨ ਕੇ ਇਨਾਂ ਨੂੰ ਸਪਰਸ਼ ਨਾ ਕਰੇ ਛੋਹੇ ਨਾ ਇਥੋਂ ਤਕ ਕਿ ਏਨਾਂ ਪਾਸੋਂ ਦੀ ਭੀ ਅਪਰਸ ਬਿਨਾਂ ਛੋਹਿਆਂ ਸਿਧਾਰੀਏ ਲੰਘ ਹੀ ਜਾਈਏ ਭਾਵ ਤੱਕਣ ਲਈ ਭੀ ਨਾ ਓਥੇ ਖੜੇ ਹੋਈਏ।

ਘਟਿ ਘਟਿ ਪੂਰਨ ਬ੍ਰਹਮ ਜੋਤਿ ਓਤਿ ਪੋਤਿ ਅਵਗੁਨੁ ਗੁਨ ਕਾਹੂ ਕੋ ਨ ਬੀਚਾਰੀਐ ।

ਘਟਿ ਘਟਿ ਸਮੂਹ ਸਰੀਰਾਂ ਵਾ ਅੰਤਾਕਰਣਾਂ ਅੰਦਰ ਤਾਣੇ ਪੇਟੇ ਵਤ ਪਰਮਾਤਮਾ ਦੀ ਜੋਤ ਪ੍ਰੀਪੂਰਣ ਰਮੀ ਹੋਈ ਜਾਣ ਕੇ, ਕਿਸੇ ਦੇ ਭੀ ਔਗੁਣਾਂ ਗੁਣਾਂ ਨੂੰ ਆਪਣੇ ਚਿੱਤ ਵਿਚ ਨਾ ਚਿਤਾਰੀਏ।

ਗੁਰ ਉਪਦੇਸ ਮਨ ਧਾਵਤ ਬਰਜਿ ਪਰ ਧਨ ਪਰ ਤਨ ਪਰ ਦੂਖ ਨ ਨਿਵਾਰੀਐ ।੫੪੭।

ਤਾਤਪ੍ਰਯ ਕੀਹ ਕਿ ਗੁਰਉਪਦੇਸ਼ ਨੂੰ ਹਿਰਦੇ ਅੰਦਰ ਧਾਰ ਕੇ ਧਾਵਤ ਦੌੜਦੇ ਹੋਏ ਭਟਕਦੇ ਮਨ ਨੂੰ ਰੋਕਦਿਆਂ ਰੋਕਦਿਆਂ, ਪਰਾਏ ਧਨ, ਪਰਾਏ ਤਨ ਤੇ ਪਰਾਈ ਦੂਖਨਾ ਵਲੋਂ ਆਪ ਨੂੰ ਨਿਵਿਰਤ ਕਰ ਹਟਾ ਲਈਏ ॥੫੪੭॥


Flag Counter