ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 10


ਦਸਮ ਸਥਾਨ ਕੇ ਸਮਾਨਿ ਕਉਨ ਭਉਨ ਕਹਓ ਗੁਰਮੁਖਿ ਪਾਵੈ ਸੁ ਤਉ ਅਨਤ ਨ ਪਾਵਈ ।

ਦਸਵੇਂ ਸਥਾਨ ਦ੍ਵਾਰ ਦੇ ਬਰਾਬਰ ਕਿਹੜਾ ਭੌਨ ਟਿਕਾਣਾ ਦੱਸਾਂ, ਉਹ ਤਾਂ ਗੁਰੂਮੁਖ ਰਾਹੀਂ ਅਥਵਾ ਗੁਰਮੁਖ ਬਣ ਕੇ ਹੀ ਪ੍ਰਾਪਤ ਕਰ ਸਕੀਦਾ ਹੈ, ਅਨਤ ਹੋਰ ਦਿਰੋਂ ਕਿਤੋਂ ਨਹੀਂ ਪਾਇਆ ਜਾ ਸਕਦਾ।

ਉਨਮਨੀ ਜੋਤਿ ਪਟੰਤਰ ਦੀਜੈ ਕਉਨ ਜੋਤਿ ਦਇਆ ਕੈ ਦਿਖਾਵੈ ਜਾਹੀ ਤਾਹੀ ਬਨਿ ਆਵਈ ।

ਉਨਮਨੀ ਜੋਤਿ ਦੀ ਕਿਹੜੀ ਜੋਤਿ ਪਟੰਤਰੇ ਬਰਾਬਰੀ ਵਾਸਤੇ ਦਿਆਂ ਪੇਸ਼ ਕਰਾਂ, ਜਿਸ ਨੂੰ ਦਇਆ ਕਰ ਕੇ ਸਤਿਗੁਰੂ ਇਸ ਜੋਤੀ ਨੂੰ ਦਿਖਾਵਨ ਤਿਸ ਗੁਰਮੁਖ ਨੂੰ ਹੀ ਇਸ ਵਿਖੇ ਬਣ ਆਉਂਦੀ ਹੈ ਭਾਵ ਉਸੇ ਦਾ ਹੀ ਇਸ ਦਸ਼ਾ ਵਿਖੇ ਪਰਚਾ ਪਿਆ ਕਰਦਾ ਹੈ।

ਅਨਹਦ ਨਾਦ ਸਮਸਰਿ ਨਾਦ ਬਾਦ ਕਓਨ ਸ੍ਰੀ ਗੁਰ ਸੁਨਾਵੇ ਜਾਹਿ ਸੋਈ ਲਿਵ ਲਾਵਈ ।

ਅਨਹਦ ਧੁਨੀ ਵਾਸਤੇ ਕਿਹੜੇ ਬਾਜੇ ਦੀ ਧੁਨੀ ਨੂੰ ਸਮਸਰਿ ਬਰਾਬਰ ਕਹਾਂ, ਜਿਸ ਕਿਸੇ ਨੂੰ ਸਤਿਗੁਰੂ ਇਹ ਅਗੰਮੀ ਧੁਨ ਸੁਨਾਵਣ ਓਹੋ ਹੀ ਲਿਵ ਤਾਰ ਲਗਾ ਸਕਦਾ ਹੈ।

ਨਿਝਰ ਅਪਾਰ ਧਾਰ ਤੁਲਿ ਨ ਅੰਮ੍ਰਿਤ ਰਸ ਅਪਿਓ ਪੀਆਵੈ ਜਾਹਿ ਤਾਹੀ ਮੈ ਸਮਾਵਈ ।੨।੧੦।

ਨਿਝਰ ਨਿਰੰਤਰ = ਲਗਾਤਾਰ ਝਰਨ ਵਾਲੀ ਧਾਰ ਜੋ ਅਪਾਰ ਹੈ ਭਾਵ ਜਿਸ ਦਾ ਪਾਰ ਟਿਕਾਣਾ ਨਹੀਂ ਪਾਇਆ ਜਾ ਸਕਦਾ ਵਾ ਬੇਸ਼ੁਮਾਰ ਹੈ ਪ੍ਰਗਟ ਹੋਇਆ ਕਰਦੀ ਹੈ ਜਿਸ ਦੇ ਸੁਆਦ ਤੁੱਲ ਨਹੀਂ ਹੈ। ਅੰਮ੍ਰਿਤ ਰਸ ਸੁਰਗੀ ਅੰਮ੍ਰਿਤ ਦਾ ਭੀ ਸ੍ਵਾਦ ਜਿਸ ਕਿਸੇ ਗੁਰਮੁਖ ਨੂੰ ਇਹ ਅੰਮ੍ਰਿਤ ਜਲ ਆਦਿ ਦੇ ਪੀਣ ਵਤ ਨਾ ਪੀਤੇ ਜਾਣ ਵਾਲਾ ਅਥਵਾ ਕ੍ਰਿਪਾ ਪਾਤ੍ਰ ਗੁਰਮੁਖਾਂ ਬਿਨਾਂ ਹੋਰਸ ਕਿਸੇ ਤੋਂ ਭੀ ਨਾ ਪੀਤਾ ਜਾਣ ਜੋਗ ਅਪਿਉ ਰੂਪ ਪਰਮ ਦਿਬ੍ਯ ਰਸ ਪਿਆਲਦਾ ਅਨਭਉ ਦਰੌਂਦਾ ਹੈ, ਉਹ ਐਸਾ ਅਨੁਭਈਆ ਅਨਭਉ ਕਰਣਹਾਰਾ ਗੁਰਸਿੱਖ ਤਿਸ ਅੰਮ੍ਰਿਤ ਵਾਲੇ ਜੋਤੀ ਸਰੂਪ ਅਕਾਲ ਪੁਰਖ ਵਿਖੇ ਹੀ ਸਮਾ ਲੀਨ ਹੋ ਜਾਇਆ ਕਰਦਾ ਹੈ। ਅਰਥਾਤ ਆਪੇ ਭਾਵ ਤੋਂ ਪਾਰ ਹੋ ਆਪੇ ਦੇ ਮਾਲਕ ਵਿਚ ਅਭੇਦ ਹੋ ਜਾਇਆ ਕਰਦਾ ਹੈ ॥੨॥੧੦॥


Flag Counter