ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 2


ਸੋਰਠਾ ।

ਸਰੀਰ ਧਾਰੀ ਹੋ ਕੇ ਭੀ ਸਤਿਗੁਰੂ ਅਸ਼ਰੀਰੀ ਹਨ:

ਅਬਿਗਤਿ ਅਲਖ ਅਭੇਵ ਅਗਮ ਅਪਾਰ ਅਨੰਤ ਗੁਰ ।

ਗੁਰੂ ਮਹਾਰਾਜ, ਅਬ੍ਯਕਤ ਸ੍ਵਰੂਪ ਹਨ, ਅਥਵਾ ਅਬਿ = ਅਬ੍ਯ = ਅਖ੍ਯਰ ਗਤਿ = ਗ੍ਯਾਨ ਵਾ ਮਹਿਮਾ ਜਿਨਾਂ ਦੀ ਗਤਿ ਮਹਿਮਾ ਅਖ੍ਯਰ ਨਹੀਂ ਛੀਣ ਹੋਣ ਵਾਲੀ, ਯਾ ਜਿਨਾਂ ਦਾ ਗ੍ਯਾਨ ਅਬਿਨਾਸ਼ੀ ਰੂਪ ਹੈ ਜਿਨਾਂ ਦੀ ਲਖਤਾ ਮਾਨੁਖੀ ਕੋਟੀ ਵਿਖੇ ਨਹੀਂ ਕੀਤੀ ਜਾ ਸਕਦੀ, ਅਤੇ ਨਾ ਹੀ ਜਿਨਾਂ ਦਾ ਭੇਵ ਮਰਮ ਹੀ ਪਾਇਆ ਜਾ ਸਕਦਾ ਹੈ, ਨਾਲ ਹੀ ਫੇਰ ਉਹ ਗੰਮਤਾ ਪਹੁੰਚ ਤੋਂ ਪਰੇ ਹਨ, ਅਰੁ ਓਨਾਂ ਦਾ ਪਾਰ ਨਹੀਂ ਪਾਇਆ ਜਾ ਸਕਦਾ ਅਤੇ ਐਸਾ ਹੀ ਉਹ, ਅਨੰਤ ਦੇਸ਼ ਕਾਲ ਵਸਤੂ ਕਰ ਕੇ ਅੰਤ ਤੋਂ ਭੀ ਰਹਤ ਹਨ ਭਾਵ ਸਰਬ ਦੇਸਾਂ ਵਿਖੇ ਅਰੁ ਸਮੂਹ ਕਾਲਾਂ ਵਿਖੇ ਤਥਾ ਸਮਗ੍ਰ ਪਦਾਰਥਾਂ ਵਿਖੇ ਇਕ ਰਸ ਓਨਾਂ ਦਾ ਪ੍ਰਕਾਸ਼ ਪ੍ਰੀਪੂਰਣ ਹੈ,

ਸਤਿਗੁਰ ਨਾਨਕ ਦੇਵ ਪਾਰਬ੍ਰਹਮ ਪੂਰਨ ਬ੍ਰਹਮ ।੧।੨।

ਆਪ ਨੂੰ ਸਤਿਗੁਰੂ ਨਾਨਕ ਦੇਵ ਕਹਿੰਦੇ ਹਨ ਅਰੁ ਨਰ ਤਨ ਧਾਰ ਕੇ ਆਏ ਭੀ ਉਹ 'ਬ੍ਰਹਮ' ਪਦ ਦ੍ਵਾਰੇ ਕਹੇ ਜਾਣ ਵਾਲੇ ਆਕਾਸ਼, ਮਾਯਾ ਅਰੁ ਮਾਯਾ ਸਬਲ ਈਸ਼੍ਵਰ ਆਦਿਕਾਂ ਤੋ ਪਾਰ ਪਰਮ ਉਤਕ੍ਰਿਸ਼ਟ = ਪਾਰਬ੍ਰਹਮ ਹਨ ਅਤੇ ਉਕਤ ਬ੍ਰਹਮ ਆਦਿਕਾਂ ਵਿਚ ਓਨਾਂ ਦੀ ਸੱਤਾ ਸਫੁਰਤੀ ਦੇ ਪਰੀ ਪੂਰਣ ਹੋਣ ਕਰ ਕੇ ਉਹੀ ਪੂਰਣ ਬ੍ਰਹਮ ਹਨ ॥੪॥

ਦੋਹਰਾ ।

ਬ੍ਯਕਤੀ ਰਹਿਤ ਹੁੰਦੇ ਭੀ ਬ੍ਯਕਤੀ ਵਾਨ ਦਿਖਲਾਯਾ:

ਅਗਮ ਅਪਾਰ ਅਨੰਤ ਗੁਰ ਅਬਿਗਤ ਅਲਖ ਅਭੇਵ ।

ਜਿਸ ਨੂੰ ਗੰਮਤਾ ਤੋਂ ਦੂਰ, ਪਾਰਾਵਾਰ ਤੋਂ ਰਹਤ, ਅਰੁ ਬੇਓੜਕ, ਤਥਾ ਅਗ੍ਯਾਨ, ਅੰਧਕਾਰ ਦਾ ਨਿਵਿਰਤਕ ਆਖਦੇ ਹਨ, ਜੋ ਅਬ੍ਯਕਤ ਅਪ੍ਰਕਟ ਸਰੂਪ, ਅਰੁ ਕਿਸੇ ਪ੍ਰਕਾਰ ਲਖਤਾ ਵਿਚ ਨਹੀਂ ਆ ਸਕਦਾ, ਅਤੇ ਐਸਾ ਹੀ ਜਿਸ ਦਾ ਮਰਮ ਭੀ ਨਹੀਂ ਕਦਾਚਿਤ ਪਾ ਸਕੀਦਾ,

ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ।੨।੨।

ਉਹੀ ਪਾਰਬ੍ਰਹਮ ਪੂਰਣ ਬ੍ਰਹਮ ਸਤਿਗੁਰੂ ਨਾਨਕ ਦੇਵ ਹੈ ॥੫॥

ਛੰਦ ।

ਉਪਰ ਕਥਨ ਕੀਤੇ ਭਾਵ ਨੂੰ ਹੀ ਪ੍ਰੌਢਤਾ ਦਿੰਦੇ ਹੋਏ ਸਪਸ਼ਟ ਕਰਦੇ ਹਨ:

ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ।

ਸਤਿਗੁਰੂ ਨਾਨਕ ਦੇਵ ਪਰਮ ਦੇਵ ਨੂੰ, ਦੇਵਤੇ ਔਰ ਦੇਵੀਆਂ ਸਭ ਦੇ ਸਭ ਹੀ ਸਿਧ ਬੁਧ ਗਣ ਗੰਧਰਬ ਜਛ ਕਿੰਨਰ ਆਦਿ ਅਪਣੀਆਂ ਸਮੂਹ ਸ਼ਕਤੀਆਂ ਦੇਵਾਂ ਗਣਾਂ ਸਮੇਤ, ਧਿਔਂਦੇ ਰਹਿੰਦੇ ਧ੍ਯਾਨ ਵਿਚ ਲਿਆਈ ਰਖਦੇ ਹਨ,

ਨਾਦ ਬਾਦ ਬਿਸਮਾਦ ਰਾਗ ਰਾਗਨਿ ਗੁਨ ਗਾਵਹਿ ।

ਨਾਦ ਅਰੁ ਬਾਦ ਬਾਜੇ ਸਾਜ ਆਦਿ ਵਲੋਂ ਬਿਸਮਾਦ ਹਰਾਨ ਹੋ ਕੇ ਛੀਏ ਹੀ ਰਾਗ ਆਪੋ ਆਪਣੀਆਂ ਰਾਗਨੀਆਂ ਸਮੇਤ ਗੁਰੂ ਮਹਾਰਾਜ ਦੇ ਗੁਣਾਂ ਦਾ ਗਾਯਨ ਕਰਦੇ ਰਹਿੰਦੇ ਹਨ।

ਸੁੰਨ ਸਮਾਧਿ ਅਗਾਧਿ ਸਾਧ ਸੰਗਤਿ ਸਪਰੰਪਰ ।

ਪਰੰਪਰਾ ਤੋਂ, 'ਸ' ਸੋ ਤਿਸ ਨੂੰ ਅਥਵਾ ਸਪਰੰਪਰ = ਸ+ਪਰ ਸਰੂਪ ਆਕਾਰ ਧਾਰੀ ਹੋ ਕੇ ਭੀ ਜੋ ਅਪਰ ਰੂਪ ਹੈ ਤਿਸ ਸਤਿਗੁਰੂ ਲਈ ਸਾਧ ਸੰਗਤ ਇਕਤ੍ਰ ਹੋ ਕੇ, ਅਫੁਰ ਭਾਵ ਵਿਖੇ ਨਿਰਵਿਕਲਪ ਹੋ ਕਰ, ਅਗਾਧ ਨਾ ਗਾਹੀ ਜਾ ਸਕਨ ਵਾਲੀ ਸਮਾਧੀ ਇਸਥਿਤੀ ਨੂੰ ਸਾਧਦੇ ਹਨ।

ਅਬਿਗਤਿ ਅਲਖ ਅਭੇਵ ਅਗਮ ਅਗਮਿਤਿ ਅਪਰੰਪਰ ।੩।੨।

ਉਹ ਸਤਿਗੁਰੂ ਅਬਿਗਤਿ ਹਨ, ਅਲਖ ਹਨ ਤੇ ਅਭੇਵ ਹਨ ਅਰੁ ਅਗੰਮ ਤੋਂ ਭੀ ਅਗੰਮ ਬਸ ਪਰੇ ਤੋਂ ਪਰੇ ਅਪਰੰਪਰ ਅਸੀਮ ਹਨ ॥੬॥


Flag Counter