ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 589


ਜੈਸੇ ਅਲ ਕਮਲ ਕਮਲ ਬਾਸ ਲੇਤ ਫਿਰੈ ਕਾਹੂੰ ਏਕ ਪਦਮ ਕੈ ਸੰਪਟ ਸਮਾਤ ਹੈ ।

ਜਿਵੇਂ ਭੌਰਾ ਹਰੇਕ ਕਮਲ ਫੁਲ ਦੀ ਸੁਗੰਧੀ ਲੈਂਦਾ ਫਿਰਦਾ ਹੈ, ਪਰ ਕਿਸੇ ਇਕ ਕਵਲ ਦੇ ਡੱਬੇ ਵਿਚ ਸਮਾ ਜਾਂਦਾ ਹੈ।

ਜੈਸੇ ਪੰਛੀ ਬਿਰਖ ਬਿਰਖ ਫਲ ਖਾਤ ਫਿਰੈ ਬਰਹਨੇ ਬਿਰਖ ਬੈਠੇ ਰਜਨੀ ਬਿਹਾਤ ਹੈ ।

ਜਿਵੇਂ ਪੰਛੀ ਬਿਰਛ ਬਿਰਛ ਦੇ ਫਲ ਖਾਂਦਾ ਫਿਰਦਾ ਹੈ, ਪਰ ਕਿਸੇ ਵਿਰਲੇ ਬ੍ਰਿਛ ਦੇ ਬੈਠਿਆਂ ਰਾਤ ਗੁਜ਼ਾਰ ਲੈਂਦਾ ਹੈ।

ਜੈਸੇ ਤੌ ਬ੍ਯਾਪਾਰੀ ਹਾਟਿ ਹਾਟਿ ਕੈ ਦੇਖਤ ਫਿਰੈ ਬਿਰਲੈ ਕੀ ਹਾਟਿ ਬੈਠ ਬਨਜ ਲੇ ਜਾਤ ਹੈ ।

ਜਿਵੇਂ ਕਿ ਵਪਾਰੀ ਹੱਟੀ ਹੱਟੀ ਤੇ ਵੇਖਦਾ ਫਿਰਦਾ ਹੈ, ਪਰ ਕਿਸੇ ਵਿਰਲੇ ਦੀ ਹੱਟੀ ਤੇ ਬੈਠ, ਕੇ ਮਾਲ ਖਰੀਦ ਕੇ ਲੈ ਜਾਂਦਾ ਹੈ।

ਤੈਸੇ ਹੀ ਗੁਰ ਸਬਦ ਰਤਨ ਖੋਜਤ ਖੋਜੀ ਕੋਟਿ ਮਧੇ ਕਾਹੂ ਸੰਗ ਰੰਗ ਲਪਟਾਤ ਹੈ ।੫੮੯।

ਤਿਵੇਂ ਹੀ ਖੋਜੀ ਗੁਰੂ ਸ਼ਬਦ ਰੂਪੀ ਰਤਨ ਨੂੰ ਖੋਜਦਾ ਹੈ, ਪਰ ਕ੍ਰੋੜਾਂ ਵਿਚੋਂ ਕਿਸੇ ਇਕ ਨਾਲ ਪ੍ਰੇਮ ਵਿਚ ਲਿਪਟਦਾ ਹੈ ॥੫੮੯॥