ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 98


ਏਕ ਬ੍ਰਹਮਾਂਡ ਕੇ ਬਿਥਾਰ ਕੀ ਅਪਾਰ ਕਥਾ ਕੋਟਿ ਬ੍ਰਹਮਾਂਡ ਕੋ ਨਾਇਕੁ ਕੈਸੇ ਜਾਨੀਐ ।

ਇਕ ਬ੍ਰਹਮੰਡ ਦੇ ਵਿਸਥਾਰ ਪਸਾਰੇ ਦੀ ਕਥਾ ਦਾ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ ਤਾਂ ਕ੍ਰੋੜਾਂ ਅਨੰਤ ਬ੍ਰਹਮੰਡਾਂ ਦੇ ਰਚਨ ਹਾਰੇ ਨਾਯਕ ਸ੍ਵਾਮੀ ਮਾਲਕ ਦੇ ਪਾਰਾਵਾਰ ਨੂੰ ਕਿਸ ਪ੍ਰਕਾਰ ਜਾਣ ਸਕੀਏ?

ਘਟਿ ਘਟਿ ਅੰਤਰਿ ਅਉ ਸਰਬ ਨਿਰੰਤਰਿ ਹੈ ਸੂਖਮ ਸਥੂਲ ਮੂਲ ਕੈਸੇ ਪਹਿਚਾਨੀਐ ।

ਘਟਿ ਸਰੀਰ ਘਟਿ ਅੰਤਾਕਰਣ ਰਿਦਾ ਸੋ ਉਹ ਸਰੀਰ ਸਰੀਰ ਪ੍ਰਤੀ ਅਰੁ ਹਰ ਇਕ ਅੰਤਾਕਰਣ ਰਿਦੇ ਅੰਦਰ ਵਸ ਰਿਹਾ ਹੈ, ਅਉ ਅਤੇ ਸਰਬ ਨਿਰੰਤਰ ਸਭ ਵਿਖੇ ਅਭੇਦ ਹੋ ਰਿਹਾ; ਅਥਵਾ ਸਰਬ ਦੇ ਸਦਰਸ਼ ਹੀ ਹੋਯਾ ਹੋਯਾ ਮਾਨੋ ਅੰਤਰਾਯ ਤੋਂ ਰਹਿਤ ਸਰਬੱਤ੍ਰ ਸਭ ਦਾ ਸਰੂਪ ਹੋ ਕੇ ਭਾਸ ਰਿਹਾ ਹੈ। ਇਸ ਲਈ ਸਮੂੰਹ ਸਥੂਲ ਸੂਖਮ ਦੇ ਮੂਲ ਕਾਰਣ ਵਾ ਮੁੱਢ ਨੂੰ ਕਾਰਣ ਵਾ ਮੁੱਢ ਨੂੰ ਕਿਸ ਤਰ੍ਹਾਂ ਕੁਛ ਨ੍ਯਾਰਾ ਕਰ ਕੇ ਪਛਾਣ ਸਕੀਏ?

ਨਿਰਗੁਨ ਅਦ੍ਰਿਸਟ ਸ੍ਰਿਸਟਿ ਮੈ ਨਾਨਾ ਪ੍ਰਕਾਰ ਅਲਖ ਲਖਿਓ ਨ ਜਾਇ ਕੈਸੇ ਉਰਿ ਆਨੀਐ ।

ਨਿਰਗੁਣ ਅਦ੍ਰਿਸਟ ਨਿਰਗੁਣ ਸਰੂਪ ਤਾਂ ਉਸ ਦਾ ਹੋਯਾ ਹੀ ਦ੍ਰਿਸ਼ਟੀ ਤੋਂ ਅਗੋਚਰ ਪਰ ਜਿਹੜਾ ਦ੍ਰਿਸਟਿ ਮੈ ਦ੍ਰਿਸ਼ਟੀ ਵਿਖੇ ਔਣਹਾਰਾ ਸਾਕਾਰ ਸਰੂਪ ਸਰਗੁਣ ਹੈ ਉਹ ਨਾਨਾ ਪ੍ਰਕਾਰ ਦਾ ਹਕੇ ਭਾਸ ਰਿਹਾ ਹੈ, ਜਿਸ ਕਰ ਕੇ ਅਸਲ ਸਰੂਪ ਵਿਖੇ ਲਖ੍ਯਾ ਨਹੀਂ ਜਾ ਸਕਦਾ ਤਾਂ ਤੇ ਓਸ ਅਲਖ ਸਰੂਪ ਨੂੰ ਕਿਸ ਪ੍ਰਕਾਰ ਉਰ ਹਿਰਦੇ ਅੰਦਰ ਲਿਆ ਸਕੀਏ? ਭਾਵ ਉਹ ਬੁਧੀ ਮਨ ਅਰੁ ਇੰਦ੍ਰੀਆਂ ਦ੍ਵਾਰਾ ਕਿਸੇ ਪ੍ਰਕਾਰ ਭੀ ਜਾਣਿਆ ਪਛਾਣਿਆ ਯਾ ਧਿਆਣਿਆ ਨਹੀਂ ਜਾ ਸਕਦਾ।

ਸਤਿਰੂਪ ਸਤਿਨਾਮ ਸਤਿਗੁਰ ਗਿਆਨ ਧਿਆਨ ਪੂਰਨ ਬ੍ਰਹਮ ਸਰਬਾਤਮ ਕੈ ਮਾਨੀਐ ।੯੮।

ਹਾਂ! ਜੇਕਰ ਸਤਿਗੁਰਾਂ ਤੋਂ ਸਤ੍ਯਨਾਮ ਤੋਂ ਸਤ੍ਯਨਾਮ ਨੂੰ ਪ੍ਰਾਪਤ ਕਰ ਕੇ ਸਤ੍ਯ ਸਰੂਪ ਦੇ ਗ੍ਯਾਨ ਸੰਯੁਕਤ ਆਪਣੇ ਆ ਨੂੰ ਬਣਾ ਕੇ ਓਸ ਦੇ ਧ੍ਯਾਨ ਪ੍ਰਾਇਣ ਹੋਈਏ ਤਾਂ ਸਰਬਾਤਮ ਕੇ ਸਰਬ ਆਤਮ ਰੂਪਤਾ ਕਰ ਕੇ ਸਭ ਦਾ ਆਪਾ ਰੂਪ ਹੋਏ ਹੋਏ ਓਸ ਪੂਰਨ ਬ੍ਰਹਮ ਨੂੰ ਮਾਨੀਐ ਜ੍ਯੋਂ ਕਾ ਤ੍ਯੋਂ ਨਿਸਚੇ ਕਰ ਲਈਦਾ ਹੈ ॥੯੮॥


Flag Counter