ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 9


ਕਬਿਤ ।

ਸ੍ਰੀ ਗੁਰੂ ਦਰਸ਼ਨ ਗ੍ਰੰਥ ਦਾ ਅਰੰਭ:

ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ ਬੁਧਿ ਕੀ ਨ ਬੁਧਿ ਰਹੀ ਮਤਿ ਮੈ ਨ ਮਤਿ ਹੈ ।

ਦਰਸ਼ਨ ਦੇਖਦੇ ਸਾਰ ਹੀ ਭਾਵ ਗੁਰੂ ਮਹਾਰਾਜ ਜੀ ਦੇ ਸਰਗੁਣ ਸਰੂਪੀ ਦਰਸ਼ਨ ਕਰਦੇ ਸਾਰ ਭੀ ਜੋ ਝਲਕਾ ਓਨਾਂ ਦੇ ਨਿਰਗੁਣ ਸਰੂਪੀ ਪ੍ਰਕਾਸ਼ ਦਾ ਅੰਦਰ ਵੱਜਾ ਅਰਥਾਤ ਅਨਭਉ ਹੋਇਆ ਤਾਂ ਤਤਕਾਲ ਹੀ, ਸੁਧ ਨਾਮ ਚੇਤੇ ਦੀ ਚਿਤਵਨ ਸਿਮਰਣ = ਯਾਦ ਸ਼ਕਤੀ ਵਿਸਰ ਗਈ। ਅਰਥਾਤ ਜੋ ਗੱਲਾਂ ਮੁੜ ਮੁੜ ਚੇਤੇ ਆਨ ਆਨ ਸੰਸਕਾਰਾਂ ਦੇ ਰੂਪ ਵਿਚ ਅੰਦਰ ਵੁਠਿਆ ਕਰਦੀਆਂ ਸਨ, ਇਕੋ ਵਾਰ ਹੀ ਬੰਦ ਹੋ ਗਈਆਂ। ਅਰੁ ਬੁਧਿ ਬੁਝਨ ਸ਼ਕਤੀ ਦੀ ਬੂਝ ਗੁੰਮ ਹੋ ਗਈ। ਮਤਿ ਬੁਧੀ ਅਕਲ ਵਿੱਚੋਂ ਅਕਲ ਥੌਹ ਲਾ ਲੈਣ ਦਾ ਬਲ, ਲੋਪ ਹੋ ਗਿਆ।

ਸੁਰਤਿ ਮੈ ਨ ਸੁਰਤਿ ਅਉ ਧਿਆਨ ਮੈ ਨ ਧਿਆਨੁ ਰਹਿਓ ਗਿਆਨ ਮੈ ਨ ਗਿਆਨ ਰਹਿਓ ਗਤਿ ਮੈ ਨ ਗਤਿ ਹੈ ।

ਸੁਰਤਿ ਸੋਝੀ ਦੀ ਸ਼ਕਤੀ = ਸੂੰਹ ਦੀ ਤਾਕਤ ਵਿਚ ਸੂਝ ਨ ਰਹੀ ਅਤੇ ਧਿਆਨ ਸੋਚ ਵਿਚਾਰ ਵਿਚ ਧਿਆਨ ਸੋਚਨ = ਖਿਆਲ ਕਰਣ ਦੀ ਹਿੰਮਤ ਨਾ ਰਹੀ। ਗਿਆਨ ਵਿਚ ਗਿਆਨ ਨਾ ਰਿਹਾ ਭਾਵ ਜਾਨਣ ਦਾ ਬਲ ਅਥਵਾ ਜੋ ਕੁਛ ਜਾਣਿਆ ਹੋਇਆ ਸੀ ਉਹ ਜਾਣਕਾਰੀ ਵਿਚੋਂ ਉਠ ਗਿਆ ਅਤੇ ਗਤ ਰੀਤੀ, ਢੰਗ, ਪਹੁੰਚ, ਪ੍ਰਵਿਰਤੀ ਗੱਲ ਦੀ ਤਹਿ ਵਿਚ ਪਹੁੰਚਨ ਅਥਵਾ ਪ੍ਰਵਿਰਤ ਹੋਣ ਵਾਲੀ ਜੋ ਸ਼ਕਤੀ ਸੀ ਓਸ ਦੀ ਉਹ ਗਤਿ ਦਸ਼ਾ ਨਹੀਂ ਰਹੀ।

ਧੀਰਜੁ ਕੋ ਧੀਰਜੁ ਗਰਬ ਕੋ ਗਰਬੁ ਗਇਓ ਰਤਿ ਮੈ ਨ ਰਤਿ ਰਹੀ ਪਤਿ ਰਤਿ ਪਤਿ ਮੈ ।

ਧੀਰਜ ਦਾ ਧੀਰਜ, ਅਤੇ ਗਰਬ ਹੰਕਾਰ ਦਾ ਗਰਬ ਪਣਾ ਅਹੰਭਾਵ ਚਲਾ ਗਿਆ, ਤਥਾ ਰਤਿ ਪ੍ਰੀਤੀ ਦਾ ਪ੍ਰਤੀ ਭਾਵ ਰਹਿ ਗਿਆ, ਅਰੁ ਪ੍ਰਤਿਸ਼ਟਾ ਮਾਨੁਖੀ ਗੌਰਵਤਾ ਦੀ ਮਨੌਤ ਭੀ ਰਤਿ ਪਤਿ ਲੱਤ ਪੱਤ ਹੋ ਗਈ। 'ਰ' ਦਾ 'ਲ' ਹੋ ਕੇ ਲੱਤ ਪੱਤ ਲੁੜ ਖੜਾ ਗਈ ਖ੍ਵਾਰ ਹੋ ਗਈ ਅਰਥ ਹੋਇਆ।

ਅਦਭੁਤ ਪਰਮਦਭੁਤ ਬਿਸਮੈ ਬਿਸਮ ਅਸਚਰਜੈ ਅਸਚਰਜ ਅਤਿ ਅਤਿ ਹੈ ।੧।੯।

ਓਸ ਦਸ਼ਾ ਨੂੰ ਕੀਕੁਰ ਦਸਿਆ ਜਾਵੇ ਅਦਭੁਤ ਵਿਲੱਖਣ ਤੋਂ ਭੀ ਮਹਾਂਨ ਵਿਲੱਖਣ ਅਨੋਖੀ ਭਾਂਤ ਦੀ ਤੇ ਅਚੰਭੇ ਤੋਂ ਭੀ ਅਤ੍ਯੰਤ ਅਚੰਭਾ ਸਰੂਪ ਤਥਾ ਅਸਚਰਜੈ ਚਮਤਕਾਰੀ = ਹਰਾਨੀ ਵਿਚ ਪਾਨ ਵਾਲੀ ਦਸ਼ਾ ਤੋਂ ਭੀ ਅਤ੍ਯੰਤ ਕਰ ਕੇ ਚਮਤਕਾਰ ਸਰੂਪ ਉਹ ਦਸ਼ਾ ਹੈ ॥੧॥੯॥


Flag Counter