ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 521


ਪਰ ਧਨ ਪਰ ਤਨ ਪਰ ਅਪਵਾਦ ਬਾਦ ਬਲ ਛਲ ਬੰਚ ਪਰਪੰਚ ਹੀ ਕਮਾਤ ਹੈ ।

ਪਰਾਇਆ ਧਨ ਹਰਨਾ, ਪਰਾਏ ਸਰੀਰ ਪਰ ਇਸਤ੍ਰੀ ਨੂੰ ਅਪਣੇ ਪੇਟੇ ਪੌਣਾ, ਪਰਾਈ ਨਿੰਦਾ ਕਰਨੀ, ਵਲ ਫਰੇਬ ਨਾਲ ਹੋਰਨਾਂ ਨੂੰ ਛਲਣਾ, ਅਤੇ ਬੰਚ ਪਰਪੰਚ ਠੱਗੀ ਵਾਲੀ ਪ੍ਰਵਿਰਤੀ ਜਾਂ ਪਸਾਰੇ ਨੂੰ ਹੀ ਜੋ ਕਮੌਂਦੇ ਪਸਾਰਦੇ ਹਨ, ਵਾਜ ਬਲ ਤਥਾ ਛਲ ਨਾਲ ਬੰਚ ਠਗਨ ਵਾਲੇ ਕਾਰੇ ਜੋ ਕਮੌਂਦੇ ਹਨ,

ਮਿਤ੍ਰ ਗੁਰ ਸ੍ਵਾਮ ਦ੍ਰੋਹ ਕਾਮ ਕ੍ਰੋਧ ਲੋਭ ਮੋਹ ਗੋਬਧ ਬਧੂ ਬਿਸ੍ਵਾਸ ਬੰਸ ਬਿਪ੍ਰ ਘਾਤ ਹੈ ।

ਮਿਤ੍ਰ ਨਾਲ, ਗੁਰੂ ਨਾਲ, ਵਾ ਸ੍ਵਾਮੀ ਮਾਲਕ ਨਾਲ, ਕਾਮ ਕ੍ਰੋਧ ਲੋਭ ਮੋਹ ਦੇ ਅਧੀਨ ਹੋ ਕੇ ਜੋ ਦ੍ਰੋਹ ਧੋਖਾ ਕਮੌਂਦੇ ਹਨ, ਅਤੇ ਗਊ ਹਤ੍ਯਾ ਕਰਨੀ, ਤਥਾ ਇਸਤ੍ਰੀ ਦਾ ਮਾਰ ਦੇਣਾ ਅਰੁ ਵਿਸਾਹ ਕੇ ਭਰੋਸਾ ਦੁਵਾ ਕੇ ਘਾਤ ਕਰਨੀ ਤੇ ਬੰਸ ਅਰੁ ਬ੍ਰਾਹਮਣ ਦਾ ਘਾਤ ਹਤ੍ਯਾ ਭੀ ਜੋ ਕਰਦੇ ਹਨ,

ਰੋਗ ਸੋਗ ਹੁਇ ਬਿਓਗ ਆਪਦਾ ਦਰਿਦ੍ਰ ਛਿਦ੍ਰ ਜਨਮੁ ਮਰਨ ਜਮ ਲੋਕ ਬਿਲਲਾਤ ਹੈ ।

ਰੋਗਾਂ ਨਾਲ ਪੀੜੇ ਹੋਏ ਸੋਗ ਸ਼ੋਕਾਤੁਰ ਰਹਿਣ ਹਾਰੇ ਅਰੁ ਵਿਛੋੜਾ ਭੀ ਸਬੰਧੀਆਂ ਪਿਆਰਿਆਂ ਦਾ ਜਿਨ੍ਹਾਂ ਨੂੰ ਵਾਪਰਿਆ ਹੋਯਾ ਹੋਵੇ, ਅਪਦਾ ਬਿਪਤਾ ਦੇ ਮੂੰਹ ਜੋ ਆਏ ਹੋਨ ਤੇ ਦਰਿਦ੍ਰ ਕੰਗਾਲੀ ਭੀ ਵਰਤੀ ਹੋਈ ਹੋਵੇ ਜਿਨਾਂ ਉਪਰ ਅਤੇ ਛਿਦ੍ਰਾ ਊਂਜਾਂ ਸਭਨੀ ਪਾਸੀਂ ਜਿਨ੍ਹਾਂ ਨੂੰ ਲਗ ਰਹੀਆਂ ਹੋਨ, ਐਸੀਆਂ ਘਟਨਾ ਕਰ ਕੇ ਜਨਮ ਮਰਣ ਨੂੰ ਪ੍ਰਾਪਤ ਹੋਣ ਵਾਲੇ ਤੇ ਜੋ ਜਮਲੋਕ ਨਰਕਾਂ ਵਿਚ ਪਏ ਹਾਹਾ ਕਰ ਕਰ ਰਹੇ ਹਨ।

ਕ੍ਰਿਤਘਨ ਬਿਸਿਖ ਬਿਖਿਆਦੀ ਕੋਟਿ ਦੋਖੀ ਦੀਨ ਅਧਮ ਅਸੰਖ ਮਮ ਰੋਮ ਨ ਪੁਜਾਤ ਹੈ ।੫੨੧।

ਕੀਤਾ ਨਾ ਜਾਨਣ ਵਾਲੇ ਤੇ ਬਿਸਿਖ ਬਾਣ ਦੀ ਤਰਾਂ ਚੁਭਵੇਂ ਬੋਲ ਬੋਲ ਕੇ ਜੋ ਦੰਗਾ ਕਰਨ ਵਾਲੇ ਹਨ, ਕ੍ਰੋੜਾਂ ਹੀ ਦੋਖਾਂ ਵਿਕਾਰਾਂ ਵਿਚ ਗ੍ਰਸੇ ਹੋਏ ਤੇ ਦੀਨ ਆਤੁਰ ਆਏ ਹੋਏ ਹੋਰ ਭੀ ਐਸੇ ਐਸੇ ਅਸੰਖ੍ਯਾਤ ਅਨਗਿਣਤ ਅਧਮ ਪਾਂਬਰ ਨੀਚ ਲੋਕ ਮੇਰੇ ਇਕ ਰੋਮ ਵਾਲ ਨੂੰ ਭੀ ਨਹੀਂ ਪੁਗ ਸਕਦੇ ॥੫੨੧॥


Flag Counter