ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 59


ਉਲਟਿ ਪਵਨ ਮਨ ਮੀਨ ਕੀ ਚਪਲ ਗਤਿ ਸੁਖਮਨਾ ਸੰਗਮ ਕੈ ਬ੍ਰਹਮ ਸਥਾਨ ਹੈ ।

ਪਿੱਛੇ ਕਥਨ ਕੀਤੀ ਰੀਤੀ ਅਨੁਸਾਰ ਮਛਲੀ ਦੀ ਚੰਚਲ ਗਤੀ ਸਮਾਨ ਮਨ ਅਤੇ ਪੌਣ ਨੂੰ ਸੁਖਮਨਾ ਨਾੜੀ ਵਿਚਕਾਰਾਲੀ ਸੁਰ ਦ੍ਵਾਰੇ ਸੰਗਮ ਕੇ ਸਾਥ ਸਾਥ ਕਰ ਕੇ ਨਾਲੋਂ ਨਾਲ ਵਿਚ ਵਿਚ ਦੀ ਉਲਟਾ ਕੇ ਬਾਹਰ ਵਲੋਂ ਅੰਤਰਮੁਖ ਪਲਟ ਕੇ ਬ੍ਰਹਮ ਸਥਾਨ ਬ੍ਰਹਮ ਰੰਧਰ ਦਸਮ ਦ੍ਵਾਰ ਮੋਖ ਦੁਆਰ ਵਿਖੇ ਹੋਵੇ ਟਿਕੇ ਭਾਵ ਸੁਰਤ ਨੂੰ ਇਸਥਿਤ ਕਰੇ।

ਸਾਗਰ ਸਲਿਲ ਗਹਿ ਗਗਨ ਘਟਾ ਘਮੰਡ ਉਨਮਨ ਮਗਨ ਲਗਨ ਗੁਰ ਗਿਆਨ ਹੈ ।

ਹੋਰ ਦ੍ਰਿਸ਼ਟਾਂਤ ਦੇ ਕੇ ਅਧਿਕ ਸਪਸ਼ਟ ਕਰਦੇ ਹਨ: ਜਿਸ ਤਰ੍ਹਾਂ ਸਮੁੰਦਰ ਵਿਚੋਂ ਸਲਿਲ ਪਾਣੀ ਪੀਂਦੇ ਸਮੇਂ ਬਦਲ ਗਹਿ ਲੈ ਕੇ ਖਿੱਚ ਕੇ ਗਗਨ ਅਕਾਸ਼ ਵਿਖੇ, ਘਟਾ ਬਦਲੀਆਂ ਦੇ ਜਮਘਟ ਸੰਘਟ ਰੂਪ ਵਿਚ ਘੁਮੰਡ ਘਿਰ ਆਯਾ ਕਰਦੇ ਹਨ ਇਸੇ ਤਰ੍ਹਾਂ ਮਨ, ਪ੍ਰਾਣਾਂ ਰੂਪ ਜਲ ਦੇ ਸਾਗਰ ਨਾਭ ਅਸਥਾਨ ਤੋਂ ਪਉਣ ਨੂੰ ਧੀਮੇ ਧੀਮੇ ਸੁਖਮਣਾ ਨਾਲੀ ਵਿਚ ਦੀ ਗ੍ਰਹਣ ਕਰ ਕੇ ਗੁਰ ਗਿਆਨ ਸਬਦ ਗੁਰੂ ਮੰਤਰ ਵਿਖੇ ਲਗਨ ਲਗਿਆ ਜੁੜਿਆ ਹੋਇਆ ਉਨਮਨੀ ਭਾਵ ਵਿਖੇ ਮਗਨ ਹੋ ਜਾਵੇ ਭਾਵ ਊਰਧ ਕਮਲ ਰੂਪ ਆਕਾਸ਼ ਵਿਖੇ ਦਸਮ ਦ੍ਵਾਰ ਅੰਦਰ ਸੁਰਤ ਨੂੰ ਸਹਜ ਸੁਭਾਈ ਦਸ਼ਾ ਵਿਚ ਟਿਕਾਵੇ।

ਜੋਤਿ ਮੈ ਜੋਤੀ ਸਰੂਪ ਦਾਮਨੀ ਚਮਤਕਾਰ ਗਰਜਤ ਅਨਹਦ ਸਬਦ ਨੀਸਾਨ ਹੈ ।

ਇਸ ਪ੍ਰਕਾਰ ਬਾਰੰਬਾਰ ਸ੍ਵਾਸ ਸ੍ਵਾਸ ਨਾਮ ਦੀ ਤਾਰ ਬੰਨ੍ਹਕੇ ਪ੍ਰਾਣਾਂ ਦੇ ਉਪਰਲੇ ਟਿਕਾਣੇ ਵਾਲੇ ਅਸਥਾਨ ਉਪਰ ਸੁਰਤ ਦੇ ਇਸਥਿਤ ਕਰਦਿਆਂ ਦਾਮਿਨੀ ਬਿਜਲੀ ਸਮਾਨ ਚਮਤਕਾਰ ਪ੍ਰਕਾਸ਼ ਪ੍ਰਗਟ ਹੋਇਆ ਕਰਦਾ ਹੈ, ਜਗਕਿ ਅਨਹਦ ਸਬਦ ਦੀ ਧੁਨੀ ਦਾ ਨਾਰਾ ਵੱਜਨ ਲੱਗ ਪੈਂਦਾ ਹੈ ਅਤੇ ਸੁਰਤ ਵਾਹਗੁਰੂ ਦੀ ਜੋਤਿ ਵਿਖੇ ਪਰਚਕੇ ਜੋਤੀ ਸਰੂਪ ਹੋ ਜਾਇਆ ਕਰਦੀ ਹੈ।

ਨਿਝਰ ਅਪਾਰ ਧਾਰ ਬਰਖਾ ਅੰਮ੍ਰਿਤ ਜਲ ਸੇਵਕ ਸਕਲ ਫਲ ਸਰਬ ਨਿਧਾਨ ਹੈ ।੫੯।

ਜਿਸ ਭਾਂਤ ਬਰਖਾ ਦੇ ਅੰਮ੍ਰਿਤ ਅਮਰੀ ਜਲ ਦੀਆਂ ਧਾਰਾਂ ਰਿਮ ਝਿਮ ਰਿਮ ਝਿਮ ਇਕ ਸਾਰ ਬਰਸਿਆ ਕਰਦੀਆਂ ਹਨ, ਇਸੇ ਤਰ੍ਹਾਂ ਬ੍ਰਹਮਾਨੰਦ ਨਾਮ ਰਸ ਅਨਭਉ ਅੰਮ੍ਰਿਤ ਦੀ ਨਿਝਰ ਇਕ ਰਸ ਅਪਾਰ ਧਾਰਾ ਦਾ ਲਗਾਤਾਰ ਪ੍ਰਵਾਹ ਪ੍ਰਵਿਰਤ ਹੋਯਾ ਝਰਦਾ ਹੋਯਾ ਆਪਣੇ ਅੰਦਰ ਪ੍ਰਤੀਤ ਕਰ੍ਯਾ ਕਰਦਾ ਹੈ ਬਸ ਜਿਸ ਨੂੰ ਇਹ ਪ੍ਰਾਪਤ ਹੋ ਗਿਆ ਓਸ ਦੇ ਸਭ ਹੀ ਸੇਵਕ ਦਾਸ ਹੋ ਜਾਂਦੇ ਹਨ, ਭਾਵ ਸਭਦਾ ਹੀ ਓਹ ਪੂਜਣ ਯੋਗ ਬਣ ਜਾਂਦਾ ਹੈ ਤੇ ਸਭ ਫਲਾਂ ਧਰਮ ਅਰਥ ਕਾਮ ਮੋਖ ਦਾ ਉਹ ਨਿਧਾਨ ਖਜ਼ਾਨਾ ਹੋ ਜਾਂਦਾ ਹੈ ਅਰਥਾਤ ਜੋ ਚਾਹੇ ਤੇ ਜਿਸ ਨੂੰ ਚਾਹੇ ਸਭ ਕੁਛ ਹੀ ਦੇਣ ਲਈ ਸਮਰੱਥ ਹੋ ਜਾਇਆ ਕਰਦਾ ਹੈ ॥੫੯॥


Flag Counter