ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 345


ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ ।

ਬਿਰਤਾਂਤ ਉੱਚਾਰਣ ਲਗੇ ਹੀ ਪ੍ਰੇਮ ਵਿਚ ਆਣ ਕੇ ਮਾਨੋ ਪ੍ਰਤੱਖ ਸਤਿਗੁਰਾਂ ਨੂੰ ਦਰਸਦੇ ਬੋਲੇ ਹਨ: ਕੱਤਕ ਦਾ ਮਹੀਨਾ ਰੁੱਤਸਰਦ ਤੇ ਪੁੰਨ੍ਯਾ ਦਾ ਦਿਹਾੜਾ ਸੀ, ਇਸ ਭਾਂਤ ਅੱਠਾਂ ਪਹਿਰਾਂ ਤੇ ਸੱਠਾਂ ਘੜੀਆਂ ਵਿਖੇ ਜਿਥੇ ਕਾਲ ਵਰਤ ਰਿਹਾ ਹੈ। ਐਸੇ ਮਿਰਤ ਲੋਕ ਉਰ ਅੱਜ ਤੇਰੇ ਪ੍ਰਗਟ ਹੋਣ ਦੀ ਭੀ ਵਾਰੀ ਆ ਗਈ ਭਾਵ ਦੂਸਰੇ ਪੂਰਬਲੇ ਅਵਤਾਰਾਂ ਤੋਂ ਨਾ ਹੋ ਸਕਨ ਵਾਲੇ ਕੰਮ ਨੂੰ ਪੂਰਾ ਕਰਨ ਖਾਤਰ ਓੜਕ ਨੂੰ ਅੱਜ ਤੇਰੀ ਆਪਣੀ ਵਾਰੀ ਭੀ ਆ ਕੇ ਹੀ ਰਹੀ।

ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ ।

ਅਭੀਚ ਅਭਿਜਤਿ ਨਛੱਤ੍ਰ ਦੇ ਸ਼ੁਭ ਸਮੇਂ, ਬਹੁ ਨਾਇਕ = ਅਵਤਾਰਾਂ ਦੇ ਸੁਆਮੀ ਬਹੂਆਂ ਦੇ ਨਾਇਕ ਸ੍ਵਾਮੀ ਨਿਰੰਕਾਰ ਦੀ ਨਾਯਕਾ ਸ੍ਵਾਮਨੀ ਸਮੂਹ ਅਵਤਾਰਾਂ ਸਿਰ ਅਵਤਾਰ ਬਣ ਕੇਹੀ ਪ੍ਰਗਟ ਹੋਯੋਂ ਰੂਪ ਤੇਜ ਪ੍ਰਤਾਪਵਾਨ ਦਰਸ਼ਨ ਦੀ ਰੰਮਤਾ, ਗੁਣ ਬਿਨਯ ਆਦਿ ਸੁਭਾਵਾਂ ਦੀ ਸੰਜੁਗਤਤਾ, ਜੋਬਨ ਤਰੁਣਾਈ, ਸਾਰੀਰਕ ਨਵੇਂ ਨਿਰੋਏ ਪਣੇ ਤਥਾ ਸਿੰਗਾਰ ਨਰ ਰਤਨ ਹੋਣ ਜੋਗ ਸਾਧਨ ਸੰਪੰਨਤਾ ਆਦਿ ਵਿਖੇ ਸਭ ਪ੍ਰਕਾਰ ਸਭ ਪੂਰਬਲੇ ਅਵਤਾਰਾਂ ਨਾਲੋਂ ਤੂੰ ਅਧਿਕ ਹੈਂ।

ਚਾਤਿਰ ਚਤੁਰ ਪਾਠ ਸੇਵਕ ਸਹੇਲੀ ਸਾਠਿ ਸੰਪਦਾ ਸਮਗ੍ਰੀ ਸੁਖ ਸਹਜ ਸਚਾਰੀ ਹੈ ।

ਚਾਤਿਰ = ਨ੍ਯੰਤਾ ਪਣੇ ਵਾਲਾ ਸਿਖ੍ਯਾ ਪ੍ਰਣਾਲ ਪ੍ਰਵਿਰਤਨ ਹਾਰਾ = ਪਰਮ ਕੁਸ਼ਲ, ਅਰੁ ਚਤੁਰ ਆਲਸ ਤੋਂ ਹੀਣ ਸਦੀਵਕਾਲ ਸਾਵਧਾਨ ਰਹਿਣਹਾਰਾ, ਵਾ ਪ੍ਰਬੀਨ ਸੇਵਕ, ਰੂਪ ਸਹੇਲੀਆਂ ਸੰਗਨਾਂ ਨੂੰ ਸਾਠਿ ਜੋੜ ਕੇ ਮਿਲਾ ਕੇ ਓਨ੍ਹਾਂ ਨੂੰ ਪਾਠ ਪੜ੍ਹਾਨਹਾਰਾ ਵਾ ਅਭ੍ਯਾਸ ਕਰਾਣ ਵਾਲਾ ਪਰਮ ਗੁਰੂ ਹੈਂ ਅਤੇ ਦੈਵੀ ਸੰਪਦਾ ਰੂਪ ਸਮਿਗ੍ਰੀ ਵਾਲੇ ਬਨਾਕੇ ਓਨ੍ਹਾਂ ਨੂੰ ਸਹਜ ਸੁਖ ਵਿਖੇ ਸੰਚਾਰ ਪ੍ਰਵਿਰਤ ਕਰਣ ਹਾਰਾ ਹੈ ਅਥਵਾ ਸਹਜ ਸੁਖ ਦਾ ਸਹਚਾਰੀ ਸਾਥੀ ਵਾ ਮਾਨਣ ਵਾਲਿਆਂ ਬਨਾਣ ਹਾਰਾ ਹੈ।

ਸੁੰਦਰ ਮੰਦਰ ਸੁਭ ਲਗਨ ਸੰਜੋਗ ਭੋਗ ਜੀਵਨ ਜਨਮ ਧੰਨਿ ਪ੍ਰੀਤਮ ਪਿਆਰੀ ਹੈ ।੩੪੫।

ਸੁੰਦਰ ਮੰਦਰ ਵਿਖੇ ਸਰਬ ਲੋਕਾਂ ਵਿਚੋਂ ਸ੍ਰੇਸ਼ਟ ਮਾਤਲੋਕ ਵਿਖੇ ਪੰਜ ਪ੍ਰਵਾਣੇ ਅੰਮ੍ਰਿਤ ਰੂਪ ਪਾਣੀਆਂ ਨਾਲ ਸਿੰਜੀ ਪੰਜਾਬ ਧਰਤੀ ਅੰਦਰ ਸ਼ੁਭ ਲਗਨ = ਭਲੇ ਮਹੂਰਤ ਦੇਵ ਦੇ ਉਦੇ ਹੋਇਆਂ ਪ੍ਰਗਟ ਹੋ ਕੇ ਸੰਜੋਗ ਨਿਰੰਕਾਰ ਮਾਲਕ ਦੇ ਸੰਜੋਗ ਦਾ ਆਨੰਦ ਮਾਣਦਿਆਂ ਹਰ ਸਮ੍ਯ ਨਿਰੰਕਾਰੀ ਭਾਵ ਵਿਖੇ ਵਰਤਦਿਆਂ ਤੇ ਏਕੂੰ ਹੀ ਸਦਵਾਂਦਿਆਂ ਤੁਸਾਂ ਆਪਣਾ ਜੀਵਨ ਮਾਨਣ ਵਾਲੇ ਜਨਮ ਨੂੰ ਧੰਨਿ ਧੰਨਤਾ ਦਾ ਸਥਾਨ ਦਿਖਾਯਾ ਹੈ। ਧੰਨ ਹੋ ਹੇ ਪ੍ਰੀਤਮ ਪ੍ਯਾਰੇ ਵਾਹਿਗੁਰੂ ਸਤਿਕਰਤਾਰ ਦੇ ਪ੍ਯਾਰੇ ਸਤਿਗੁਰ!!! ॥੩੪੫॥


Flag Counter