ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 42


ਜੋਗ ਬਿਖੈ ਭੋਗ ਅਰੁ ਭੋਗ ਬਿਖੈ ਜੋਗ ਜਤ ਗੁਰਮੁਖਿ ਪੰਥ ਜੋਗ ਭੋਗ ਸੈ ਅਤੀਤ ਹੈ ।

ਜੋਗ ਬਿਖੈ ਭੋਗ ਜੋਗ ਦੀ ਸਾਧਨਾ ਵਿਖੇ ਰਿਧੀਆਂ ਸਿੱਧੀਆਂ ਆਦਿ ਦਾ ਭੋਗ ਪ੍ਰਾਪਤ ਹੋਣਾ ਮੰਨਿਆ ਹੈ- ਅਰੁ ਭੋਗ ਬਿਖੈ ਜੋਗ ਜਤ ਯਗ੍ਯ ਆਦਿ ਭੋਗ ਵਿਭੂਤੀ ਵਿਖੇ ਪ੍ਰਵਿਰਤਿਆਂ ਜੋਗ ਵਿਖੇ ਜੁੜਨਾ ਫਲ ਪ੍ਰਵਾਨ ਕੀਤਾ ਜਾਂਦਾ ਹੈ ਪ੍ਰੰਤੂ ਰਿੱਧੀਆਂ ਸਿੱਧੀਆਂ ਨੂੰ ਚੇਟਕ ਰੂਪ ਤਥਾ ਯਗ੍ਯ ਆਦਿ ਸਾਧਨਾਂ ਰਾਹੀਂ ਸੁਰਗ ਆਦਿ ਲੋਕ ਦੇ ਸਮਾਂ ਪਾ ਕੇ ਨਾਸ਼ ਹੋ ਜਾਣ ਵਾਲੇ ਭੋਗਾਂ ਦੀ ਪ੍ਰਾਪਤੀ ਨੂੰ ਛਿਣ ਭੰਗੁਰ ਛਿਣ ਵਿਨਾਸੀ ਰੂਪ ਹੋਣ ਕਰ ਕੇ ਗਿੜਾਉ ਦਾ ਕਾਰਣ ਮੰਨਣ ਵਾਲਾ ਗੁਰਮੁਖ ਪੰਥ, ਜੋਗ ਤਥਾ ਭੋਗ ਦੋਹਾਂ ਤੋਂ ਹੀ ਅਤੀਤ ਅਸੰਗ ਨ੍ਯਾਰਾ ਹੈ।

ਗਿਆਨ ਬਿਖੈ ਧਿਆਨ ਅਰੁ ਧਿਆਨ ਬਿਖੈ ਬੇਧੇ ਗਿਆਨ ਗੁਰਮਤਿ ਗਤਿ ਗਿਆਨ ਧਿਆਨ ਕੈ ਅਜੀਤ ਹੈ ।

ਗਿਆਨ ਬਿਖੈ ਧਿਆਨ ਗਿਆਨ ਵੀਚਾਰ ਦੇ ਉਤਪੰਨ ਕਰਣਹਾਰੇ ਸਾਂਖ੍ਯ ਸ਼ਾਸਤ੍ਰ ਦੇ ਅਨੁਸਾਰ ਵਰਤਨ ਵਾਲੇ ਨੂੰ ਧਿਆਨ ਦਾ ਜੋਗ ਸਾਧਨ ਵਾਲਾ ਹੀ ਫਲ ਪ੍ਰਾਪਤ ਹੋਣਾ ਕਿਹਾ ਜਾਂਦਾ ਹੈ, ਅਰੁ ਧਿਆਨ ਬਿਖੈ ਬੇਧੇ ਗਿਆਨ ਅਤੇ ਧਿਆਨ ਜੋਗ ਦੀ ਸਾਧਨਾ ਸਾਧਨ ਵਿਖੇ ਹੀ ਗਿਆਨ ਅੰਦਰ ਨੂੰ ਵਿੰਨ੍ਹ ਦਿੰਦਾ ਭਾਵ ਗਿਆਨ ਚਿੱਤ ਅੰਦਰ ਆਣ ਪ੍ਰਾਪਤ ਹੋਣਾ ਸ਼ਾਸਤ੍ਰਕਾਰ ਕਹਿੰਦੇ ਹਨ, ਪ੍ਰੰਤੂ ਗੁਰਮਤਿ ਗਤਿ ਗੁਰੂ ਮਹਾਰਾਜ ਦੇ ਮਤਿ ਸਿਧਾਂਤ ਵਾਲਾ ਗਤਿ ਗਿਆਨ ਅਥਵਾ ਗਤਿ ਰਹਿਣੀ ਗਿਆਨ ਧਿਆਨ ਕੈ ਅਜੀਤ ਹੈ ਉਕਤ ਸਾਂਖ੍ਯ ਅਰੁ ਯੋਗ ਦ੍ਵਾਰੇ ਨਹੀਂ ਜਿੱਤੀ ਜਾਣ ਵਾਲੀ ਅਰਥਾਤ ਉਨ੍ਹਾਂ ਤੋਂ ਸ਼ਿਰੋਮਣੀ ਹੈ।

ਪ੍ਰੇਮ ਕੈ ਭਗਤਿ ਅਰੁ ਭਗਤਿ ਕੈ ਪ੍ਰੇਮ ਨੇਮ ਅਲਖ ਭਗਤਿ ਪ੍ਰੇਮ ਗੁਰਮੁਖਿ ਰੀਤਿ ਹੈ ।

ਇਸੇ ਪ੍ਰਕਾਰ ਇਕਨਾ ਦਾ ਮਤ ਹੈ ਕਿ ਪ੍ਰੇਮ ਕਰ ਕੇ ਭਗਤੀ ਦਾ ਨੇਮ ਧਾਰਿਆਂ ਪਰਮੇਸ਼੍ਵਰ ਮਿਲਦਾ ਹੈ ਅਰੁ ਇਕਨਾ ਦਾ ਮੱਤ ਹੈ ਕਿ ਭਗਤੀ ਦੇ ਖਾਸ ਨਿਯਮਾਂ ਦੇ ਪਾਲਣ ਕੀਤਿਆਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਪ੍ਰੰਤੂ ਗੁਰਮੁਖਿ ਰੀਤਿ = ਗੁਰਮੁਖਾਂ ਵਾਲਾ ਚਾਲਾ ਉਕਤ ਪ੍ਰਕਾਰ ਦੇ ਪ੍ਰੇਮਾ ਭਗਤੀ ਵਾਲੇ ਮਤ ਤੋਂ ਅਲਖ ਨਹੀਂ ਲਖ੍ਯਾ ਜਾਣ ਵਾਲਾ ਹੈ, ਭਾਵ ਉਹ ਲੋਗ ਗੁਰਮੁਖਾਂ ਦੇ ਪ੍ਰੇਮ ਨੂੰ ਨਹੀਂ ਪੁਗ ਸਕਦੇ।

ਨਿਰਗੁਨ ਸਰਗੁਨ ਬਿਖੈ ਬਿਸਮ ਬਿਸ੍ਵਾਸ ਰਿਦੈ ਬਿਸਮ ਬਿਸ੍ਵਾਸ ਪਾਰਿ ਪੂਰਨ ਪ੍ਰਤੀਤਿ ਹੈ ।੪੨।

ਇਞੇ ਹੀ ਇਕਨਾ ਦੇ ਰਿਦੇ ਅੰਦਰ ਨਿਰਗੁਣ ਦਾ ਬਿਸਮ ਬਿਸ੍ਵਾਸ ਅਨੋਖਾ ਨਿਸਚਾ ਤੇ ਇਕਨਾ ਦੇ ਅੰਦਰ ਸਰਗੁਣ ਦਾ ਪ੍ਰੰਤੂ ਇਸ ਦੋਨੋਂ ਭਾਂਤ ਦੇ ਅਨੋਖੇ ਨਿਸਚੇ ਤੋਂ, ਗੁਰਮੁਖਾਂ ਦਾ ਪੂਰਣ ਪ੍ਰਤੀਤ ਭਰਿਆ ਨਿਸਚਾ ਪਾਰ ਟੱਪਿਆ ਪਿਆ ਹੈ, ਭਾਵ ਨਿਰਗੁਣ ਸਰਗੁਣ ਤੋਂ ਗੁਰੂ ਕੇ ਸਿੱਖ ਬਹੁਤ ਦੂਰ ਪੁਗਦੇ ਹਨ ॥੪੨॥


Flag Counter