ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 133


ਪੂਰਨ ਬ੍ਰਹਮ ਧਿਆਨ ਪੂਰਨ ਬ੍ਰਹਮ ਗਿਆਨ ਪੂਰਨ ਭਗਤਿ ਸਤਿਗੁਰ ਉਪਦੇਸ ਹੈ ।

ਪੂਰਨ ਬ੍ਰਹਮ ਧਿਆਨ ਪੂਰਨ ਬ੍ਰਹਮ ਗਿਆਨ ਪੂਰਨ ਭਗਤਿ ਸਤਿਗੁਰ ਉਪਦੇਸ ਹੈ ਜਿਨ੍ਹਾਂ ਨੇ ਅਸਾਧਪਣਾ ਤ੍ਯਾਗ ਕੇ ਸਾਧੁਤਾ ਨੂੰ ਗ੍ਰਹਣ ਕਰਨ ਖਾਤਰ ਗੁਰਮੁਖਤਾਈ ਧਾਰਣ ਕਰ ਲਈ ਹੈ, ਉਹ ਸਤਿਗੁਰਾਂ ਦੇ ਦਿੱਤੇ ਗਏ ਉਪਦੇਸ਼ ਵਿਖੇ ਪੂਰਨ ਭਗਤਿ ਪੂਰੀ ਪੂਰੀ ਸ਼ਰਧਾ ਨੂੰ ਉਤਪੰਨ ਕਰ ਕੇ, ਓਸ ਅਨੁਸਾਰ ਮਾਨੋ ਜ੍ਯੋਂ ਕਾ ਤ੍ਯੋਂ ਭਜਨ ਕਰਦੇ ਹਨ। ਅਰੁ ਇਸੇ ਪੂਰਨ ਭਗਤੀ ਨੂੰ ਪਾਲਦਿਆਂ ਪੂਰਨ ਬ੍ਰਹਮ ਦਾ ਗਿਆਨ ਓਨ੍ਹਾਂ ਨੂੰ ਪ੍ਰਾਪਤ ਹੋ ਆਉਂਦਾ ਹੈ, ਅਤੇ ਓਸੇ ਗਿਆਨ ਦੇ ਅਨੁਸਾਰ ਹੀ ਉਹ ਹਰਦਮ ਪੂਰਨ ਬ੍ਰਹਮ ਦਾ ਧਿਆਨ ਧਾਰੇ ਰਹਿੰਦੇ ਹਨ।

ਜੈਸੇ ਜਲ ਆਪਾ ਖੋਇ ਬਰਨ ਬਰਨ ਮਿਲੈ ਤੈਸੇ ਹੀ ਬਿਬੇਕੀ ਪਰਮਾਤਮ ਪ੍ਰਵੇਸ ਹੈ ।

ਜਿਸ ਤਰ੍ਹਾਂ ਜਲ ਆਪਾ ਗੁਵਾ ਕੇ ਬਰਨ ਬਰਨ ਮਿਲੈ ਰੰਗ ਰੰਗ ਹਰ ਇਕ ਰੰਗ ਵਿਚ ਹੀ ਮਿਲ ਅਭੇਦ ਹੋ ਜਾਂਦਾ ਹੈ, ਤੈਸੇ ਹੀ ਬਿਬੇਕੀ ਪਰਮਾਤਮ ਪ੍ਰਵੇਸ ਹੈ ਇਸੀ ਪ੍ਰਕਾਰ ਉਕਤ ਕ੍ਰਮ ਨਾਲ ਹੋ ਚੁੱਕਾ ਹੈ ਜਿਸ ਨੂੰ ਬ੍ਰਹਮ ਦਾ ਬਿਬੇਕ ਉਹ ਨਿਰੰਤਰ ਅਭ੍ਯਾਸ ਕਰਦਿਆਂ ਕਰਦਿਆਂ ਹਉਮੈ ਤ੍ਯਾਗ ਕੇ ਪਰਮਾਤਮ ਵਿਚ ਲੀਨ ਹੋ ਜਾਇਆ ਕਰਦਾ ਹੈ।

ਪਾਰਸ ਪਰਸਿ ਜੈਸੇ ਕਨਿਕ ਅਨਿਕ ਧਾਤੁ ਚੰਦਨ ਬਨਾਸਪਤੀ ਬਾਸਨਾ ਅਵੇਸ ਹੈ ।

ਇਞੇ ਹੀ ਪਾਰਸ ਪਰਸਿ ਜੈਸੇ ਕਨਿਕ ਅਨਿਕ ਧਾਤੁ ਜਿਸ ਭਾਂਤ ਪਾਰਸ ਨੂੰ ਸਪਰਸ਼ ਕਰ ਕੇ ਅਨੇਕਾਂ ਤਾਂਬਾ ਆਦਿਕ ਧਾਤੂਆਂ ਇਕ ਸ੍ਵਰਣ ਰੂਪ ਹੋ ਜਾਂਦੀਆਂ ਹਨ, ਤਥਾ ਚੰਦਨ ਬਨਾਸਪਤੀ ਬਾਸਨਾ ਆਵੇਸ ਹੈ ਸਭ ਪ੍ਰਕਾਰ ਦੀ ਬਨਾਸਪਤੀ ਚੰਦਨ ਦੀ ਬਾਸਨਾ ਆਪਨੇ ਵਿਚ ਅਵੇਸ ਲੀਨ ਜਜ਼ਬ ਕਰ ਕੇ ਇਕ ਮਾਤ੍ਰ ਚੰਨਣ ਹੀ ਬਣ ਜਾਇਆ ਕਰਦੀ ਹੈ।

ਘਟਿ ਘਟਿ ਪੂਰਮ ਬ੍ਰਹਮ ਜੋਤਿ ਓਤਿ ਪੋਤਿ ਭਾਵਨੀ ਭਗਤਿ ਭਾਇ ਆਦਿ ਕਉ ਅਦੇਸ ਹੈ ।੧੩੩।

ਤੈਸੇ ਹੀ ਗੁਰਮੁਖ ਬਿਬੇਕੀ 'ਭਾਵਨੀ ਭਗਤਿ ਭਾਇ ਆਦਿ ਕਉ ਅਦੇਸ…' ਸਰਧਾ ਭੌਣੀ ਅਰੁ ਭਗਤੀ ਭਾਵ ਨੂੰ ਹਿਰਦੇ ਵਿਚ ਧਾਰਣ ਕਰ ਕੇ ਆਦਿ ਪੁਰਖ ਨੂੰ ਆਦੇਸ ਬੰਦਨਾ ਬੰਦਗੀ ਕਰਦਿਆਂ ਘਟਿ ਘਟਿ ਪੂਰਨ ਬ੍ਰਹਮ ਜੋਤਿ ਓਤਿ ਪੋਤਿ ਹੈ ਸੰਪੂਰਣ ਸਰੀਰਾਂ ਤਥਾ ਸਰਬੱਤ ਹਿਰਦਿਆਂ ਵਿਖੇ ਪੂਰਨ ਬ੍ਰਹਮ ਪਰਮਾਤਮਾ ਦੀ ਜੋਤਿ ਪ੍ਰਕਾਸ਼ ਨੂੰ ਓਹ ਪੋਤ ਤਾਣੇ ਪੇਟੇ ਤਾਰ ਵਤ ਭੀਤਰ ਬਾਹਰ ਰਮਿਆ ਹੋਇਆ ਜ੍ਯੋਂ ਕਾ ਤ੍ਯੋਂ ਅਨਭਉ ਕਰਿਆ ਕਰਦਾ ਹੈ ॥੧੩੩॥


Flag Counter