ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 166


ਜੈਸੇ ਤਉ ਅਸਟ ਧਾਤੂ ਡਾਰੀਅਤ ਨਾਉ ਬਿਖੈ ਪਾਰਿ ਪਰੈ ਤਾਹਿ ਤਊ ਵਾਰ ਪਾਰ ਸੋਈ ਹੈ ।

ਜਿਸ ਪ੍ਰਕਾਰ ਅਠਾਂ ਧਾਤਾਂ ਦੇ ਲੱਦ ਤਉ ਤਾਈਂ ਨੌਕਾ ਵਿਖੇ ਡਾਰੀਅਤ ਪਾਈਅਤ ਲੱਦੀਏ, ਤਾਂ ਪਾਰ ਜਰੂਰ ਹੀ ਪੈ ਜਾਂਦੀਆਂ ਹੈਨ, ਤਾਹਿ ਤਿਸ ਬੇੜੀ ਨਾਲ ਭਾਵ ਤਰ ਜਾਂਦੀਆਂ ਹਨ, ਪਰ ਉਰਾਰ ਚਾਹੇ ਦੀ ਬੇੜੀ ਉਪਰ ਸਵਾਰ ਹੋ ਜਾਣ ਤਾਂ ਪਰਲੋਕ ਵਿਚ ਬ੍ਰਹਮ ਲੋਕ ਆਦਿ ਦੇ ਭੋਗਾਂ ਨੂੰ ਤਾਂ ਪ੍ਰਾਪਤਿ ਜਰੂਰ ਹੋ ਜਾਂਦੇ ਹਨ ਪਰ ਮੁਕਤ ਨਹੀਂ ਹੋ ਸਕਦੇ।

ਸੋਈ ਧਾਤੁ ਅਗਨਿ ਮੈ ਹਤ ਹੈ ਅਨਿਕ ਰੂਪ ਤਊ ਜੋਈ ਸੋਈ ਪੈ ਸੁ ਘਾਟ ਠਾਟ ਹੋਈ ਹੈ ।

ਓਨਾਂ ਹੀ ਅਸ਼੍ਟਧਾਤਾਂ ਦੇ ਸਮੁਦਾਯ ਨੂੰ ਜੇਕਰ ਅੱਗ ਵਿਚ ਪਾ ਕੇ ਗਾਲੀਏ ਤਾਂ ਅੱਗ ਦਾ ਸਰੂਪ ਅੰਗ੍ਯਾਰ ਵਾਕੂੰ ਭਖ ਕੇ ਲਾਲ ਹੋ ਜਾਂਦੀਆਂ ਹਨ 'ਪੈ' ਪ੍ਰੰਤੂ 'ਸੁ ਘਾਟ ਠਾਟ ਹੋਈ' ਸ੍ਰੇਸ਼ਟ ਘਾੜਤ ਵਾਲੇ ਠਾਠ ਰੂਪ ਗਹਿਣੇ ਵਾ ਬਰਤਨ ਆਦਿ ਸਰੂਪ ਧਾਰ ਲੈਣ ਤੇ ਭੀ ਜੋਈ ਹੈ ਸੋਈ ਜੋ ਕੁਛ ਜੈਸੇ ਰੂਪ ਦੀਆਂ ਉਹ ਹੋਣ ਵੈਸੀਆਂ ਹੀ ਰਹਿੰਦੀਆਂ ਹਨ, ਅਰਥਾਤ ਤਪ ਆਦਿ ਦੀ ਕੁਠਾਲੀ ਵਿਚ ਆਪਣੇ ਆਪ ਨੂੰ ਤਾ ਕੇ ਸਭ ਵਰਨ ਆਸ਼੍ਰਮੀ ਤੇਜ ਪ੍ਰਤਾਪ ਵਾਲੇ ਤਥਾ ਰਿਧੀਆਂ ਸਿਧੀਆਂ ਆਦਿ ਵਾਲੇ ਤਾਂ ਬਣ ਜਾਂਦੇ ਹਨ, ਪਰ ਮੋਖ ਨਹੀਂ ਪ੍ਰਾਪਤ ਕਰ ਸਕਦੇ।

ਸੋਈ ਧਾਤੁ ਪਾਰਸਿ ਪਰਸ ਪੁਨਿ ਕੰਚਨ ਹੁਇ ਮੋਲ ਕੈ ਅਮੋਲਾਨੂਪ ਰੂਪ ਅਵਲੋਈ ਹੈ ।

ਹਾਂ! ਉਹੀ ਧਾਤ ਅਠ ਧਾਤਾਂ ਪੁਨਿ ਬਹੁੜੋ ਪਾਰਸ ਨੂੰ ਪਰਸ ਛੋਹਣ ਕਰ ਕੇ ਸ੍ਵਰਣ ਬਣ ਜਾਂਦਾ ਹੈ ਤੇ ਮੁੱਲ ਕਰ ਕੇ ਭੀ ਅਮੁੱਲਾ ਬਹੁ ਕੀਮਤਦਾਰ ਅਨੂਪ ਰੂਪ ਦਿਖਾਣ ਲਗ ਪੈਂਦਾ ਹੈ। ਅਰਥਾਤ ਸੰਤ ਜਨਾਂ ਦੇ ਸਤਿਸੰਗ ਵਿਚ ਆਣ ਕੇ ਪੁਰਖ ਆਤਮ ਗਿਆਨ ਸੰਪੰਨ ਸ੍ਵੈ+ ਵਰਣ ਰੂਪ ਸ੍ਵਰਣਭਾਵ ਨੂੰ ਪ੍ਰਾਪਤ ਹੋ ਜਾਂਦਾ ਹੈ।

ਪਰਮ ਪਾਰਸ ਗੁਰ ਪਰਸਿ ਪਾਰਸ ਹੋਤ ਸੰਗਤਿ ਹੁਇ ਸਾਧਸੰਗ ਸਤਸੰਗ ਪੋਈ ਹੈ ।੧੬੬।

ਪ੍ਰੰਤੂ ਪਰਮ ਪਾਰਸ ਪਾਰਸਾਂ ਦੇ ਪਾਰਸ ਸੰਤਾਂ ਨੂੰ ਸੰਤ ਬਨਾਣ ਹਾਰੇ ਪਰਮ ਸੰਤ ਸਰੂਪ ਸਤਿਗੁਰਾਂ ਨੂੰ ਪਰਸ ਭੇਟ ਕੇ ਗੁਰੂ ਮਹਾਰਾਜ ਜੀ ਦੀ ਸਾਧ ਸੰਗਤ ਦੀ ਸੰਗਤ ਹੋ ਕੇ ਮਨੁੱਖ ਆਪ ਹੀ ਪਾਰਸ ਸੰਤ ਸਰੂਪ ਗੁਰਮੁਖ ਬਣ ਸਤਿ ਸਤ੍ਯ ਸਰੂਪ ਪਾਰਬ੍ਰਹਮ ਦੇ ਸੰਗ ਜੋੜ ਮੇਲ ਅਭੇਦਤਾ ਵਿਖੇ ਪੋਈ ਹੈ ਪ੍ਰੋਯਾ ਜਾਂਦਾ ਹੈ, ਅਰਥਾਤ ਓਤ ਪੋਤ ਪਾਰਬ੍ਰਹਮ ਸਤਿਗੁਰੂ ਵਿਖੇ ਰਮ ਜਾਂਦਾ ਹੈ ॥੧੬੬॥


Flag Counter