ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 661


ਜਉ ਲਉ ਦੀਪ ਜੋਤ ਹੋਤ ਨਾਹਿਤ ਮਲੀਨ ਆਲੀ ਜਉ ਲਉ ਨਾਂਹਿ ਸਿਹਜਾ ਕੁਸਮ ਕੁਮਲਾਤ ਹੈ ।

ਹੇ ਸਖੀ! ਜਦਤਕ ਦੀਵੇ ਦੀ ਲੋਅ ਮੱਧਮ ਨਹੀਂ ਪੈਂਦੀ ਭਾਵ ਪ੍ਰਭਾਤ ਨਹੀਂ ਹੁੰਦੀ ਜਦ ਤਕ ਸੇਜਾ ਦੇ ਫੁੱਲ ਕੁਮਲਾ ਨਹੀਂ ਜਾਂਦੇ।

ਜਉ ਲਉ ਨ ਕਮਲਨ ਪ੍ਰਫੁਲਤ ਉਡਤ ਅਲ ਬਿਰਖ ਬਿਹੰਗਮ ਨ ਜਉ ਲਉ ਚੁਹਚੁਹਾਤ ਹੈ ।

ਜਦ ਤਕ ਕਮਲ ਫੁੱਲ ਨਹੀਂ ਖਿੜਦੇ ਤੇ ਉਨ੍ਹਾਂ ਉੱਤੇ ਭੌਰੇ ਨਹੀਂ ਉਡਦੇ; ਬ੍ਰਿਛਾਂ ਉਤੇ ਜਦ ਤਕ ਪੰਛੀ ਨਹੀਂ ਚਹਿਚਹਾਉਂਦੇ।

ਜਉ ਲਉ ਭਾਸਕਰ ਕੋ ਪ੍ਰਕਾਸ ਨ ਅਕਾਸ ਬਿਖੈ ਤਮਚੁਰ ਸੰਖ ਨਾਦ ਸਬਦ ਨ ਪ੍ਰਾਤ ਹੈ ।

ਜਦ ਤਕ ਸੂਰਜ ਦਾ ਪ੍ਰਕਾਸ਼ ਅਕਾਸ਼ ਵਿਚ ਨਹੀਂ ਹੁੰਦਾ ਭਾਵ ਦਿਨ ਨਹੀਂ ਚੜ੍ਹਦਾ; ਕੁੱਕੜ ਦੀ ਬਾਂਗ ਤੇ ਸੰਖ ਦੀ ਸਵੇਰ ਹੋ ਜਾਣ ਦੀ ਧੁਨਿ ਨਹੀਂ ਹੁੰਦੀ।

ਤਉ ਲਉ ਕਾਮ ਕੇਲ ਕਾਮਨਾ ਸਕੂਲ ਪੂਰਨ ਕੈ ਹੋਇ ਨਿਹਕਾਮ ਪ੍ਰਿਯ ਪ੍ਰੇਮ ਨੇਮ ਘਾਤ ਹੈ ।੬੬੧।

ਤਦ ਤਕ ਕਾਮ ਕੇਲ ਦੀ ਕਾਮਨਾ ਵਿਚ ਕਿਨਾਰਿਆਂ ਤਕ ਪੂਰਨ ਹੋ ਕੇ ਤੇ ਹੋਰ ਕਮਾਨਾਂ ਤੋਂ ਨਿਹਕਾਮ ਹੋ ਕੇ ਪਿਆਰੇ ਦੇ ਪ੍ਰੇਮ ਨੇਮ ਵਿਚ ਹੀ ਲਗੇ ਰਹਿਣ ਦਾ ਸਮਾਂ ਹੈ ॥੬੬੧॥


Flag Counter