ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 269


ਕੋਟਨਿ ਕੋਟਾਨਿ ਧਿਆਨ ਦ੍ਰਿਸਟਿ ਦਰਸ ਮਿਲਿ ਅਤਿ ਅਸਚਰਜ ਮੈ ਹੇਰਤ ਹਿਰਾਏ ਹੈ ।

ਜਦ ਦ੍ਰਿਸ਼ਟੀ ਨਜ਼ਰ ਅੰਤਰਮੁਖ ਹੋਈ ਅਤੀ ਅਸਚਰਜ ਸਰੂਪ ਦੇ ਦਰਸ਼ਨ ਵਿਖੇ ਮਿਲ ਜੁੜ ਜਾਵੇ ਤਾਂ ਓਸ ਅਨੁਭਵੀ ਦਸ਼ਾ ਨੂੰ ਤੱਕ ਕੇ ਕ੍ਰੋੜਾਂ ਭਾਂਤ ਦੇ ਕ੍ਰੋੜਾਂ ਧਿਆਨ ਸਮੂਹ ਪੈ ਜਾਂਦੇ ਹਨ।

ਕੋਟਨਿ ਕੋਟਾਨਿ ਗਿਆਨ ਸਬਦ ਸੁਰਤਿ ਮਿਲਿ ਮਹਿਮਾ ਮਹਾਤਮ ਨ ਅਲਖ ਲਖਾਏ ਹੈ ।

ਐਸਾ ਹੀ ਸੁਰਤਿ ਆਪੇ ਦੀ ਕਣੀ ਅਥਵਾ ਕੰਨ ਜਦ ਬਾਹਰਮੁਖੀ ਪ੍ਰਵਿਰਤੀ ਵਿਚ ਪ੍ਰਵਿਰਤ ਹੋਣੋਂ ਸਿਮਟੀ ਕੇ ਅੰਤਰਮੁਖ ਹੋਏ ਸਬਦ ਅਨਹਤ ਬਾਣੀ ਗੁਰਸਬਦ ਜਾਣੀ ਬਚਨ ਅਨੁਸਾਰ ਅੰਤਰੀਵੀ ਸ਼ਬਦ ਧੁਨੀ ਰੂਪ ਗੁਰ ਸ਼ਬਦ ਵਿਖੇ ਮਿਲ ਇਕਤ੍ਰ ਇਕਗ੍ਰ ਹੋ ਪੈਣ ਤਾਂ ਕ੍ਰੋੜਾਂ ਪ੍ਰਕਾਰ ਦੇ ਕ੍ਰੋੜਾਂ ਹੀ ਗਿਆਨ ਓਸ ਦੇ ਅਲਖ ਨਾ ਲਖੇ ਜਾ ਸਕਨ ਹਾਰੇ ਮਹਾਤਮ ਪ੍ਰਭਾਵ ਦੀ ਮਹਿਮਾ ਨੂੰ ਨਹੀਂ ਲਖ ਸਕਦੇ।

ਤਿਲ ਕੀ ਅਤੁਲ ਸੋਭਾ ਤੁਲਤ ਨ ਤੁਲਾਧਾਰ ਪਾਰ ਕੈ ਅਪਾਰ ਨ ਅਨੰਤ ਅੰਤ ਪਾਏ ਹੈ ।

ਉਸ ਅਨੁਭਵ ਦੇ ਪ੍ਰਭਾਵ ਦੀ ਮਹਿਮਾ ਦਾ ਸਮੂਲਚੇ ਜਾਨਣਾ ਤਾਂ ਕਿਧਰੇ ਰਿਹਾ ਓਸ ਵਿਚੋਂ ਤਿਲ ਪ੍ਰਮਾਣ ਤੁੱਛ ਭਰ ਅਨੁਭਵ ਦੀ ਸ਼ੋਭਾ ਹੀ ਐਸੀ ਅਤੁਲ ਹੈ, ਕਿ ਓਸ ਦੀ ਤੁਲਨਾ ਕਰਣ ਹਾਰਾ ਨਾ ਤਾਂ ਕੋਈ ਤੁਲ ਵੱਟਾ ਹੀ ਪ੍ਰਮਾਣ ਮਾਤ੍ਰ ਤੇ ਮਿਲ ਸਕਦਾ ਹੈ ਅਰੁ ਨਾ ਹੀ ਤੁਲਾਧਾਰ ਤੋਲਨਹਾਰਾ ਯਾ ਕੰਡਾ ਤਕੜੀ ਸੋਚ ਵੀਚਾਰ ਹੀ। ਪਾਰ ਕੈ ਅਪਾਰ = ਪਾਰ ਵਜੋਂ ਤਾਂ ਅਪਾਰ ਹੈ ਅਰਥਾਤ ਓਸ ਦੀ ਪਾਰਲੀ ਹੱਦ ਨਹੀਂ ਜਾਣੀ ਜਾ ਸਕਦੀ, ਤੇ ਅੰਤ ਓੜਕ ਥਾਹ ਦਾ ਅਨੰਤ = ਸ਼ੇਸ਼ਨਾਗ ਪਤਾਲ ਦੀ ਹੱਦ ਤਕ ਧਸ ਜਾਣ ਵਾਲਾ ਭੀ ਨਹੀਂ ਪਾ ਸਕਦਾ।

ਕੋਟਨਿ ਕੋਟਾਨਿ ਚੰਦ੍ਰ ਭਾਨ ਜੋਤਿ ਕੋ ਉਦੋਤੁ ਹੋਤ ਬਲਿਹਾਰ ਬਾਰੰਬਾਰ ਨ ਅਘਾਏ ਹੈ ।੨੬੯।

ਇਸ ਅਨੁਭਵੀ ਦਸ਼ਾ ਵਿਖੇ ਐਸੀ ਦਿਬ੍ਯ ਜੋਤ ਦਾ ਉਦੋਤ ਉਦੇ ਹੋਣਾ ਪ੍ਰਕਾਸ਼ ਹੋਇਆ ਕਰਦਾ ਹੈ। ਜਿਸਤੋਂ ਮਾਨੋਂ ਕ੍ਰੋੜਾਂ ਹੀ ਭਾਨੁ ਸੂਰਜ ਬਾਰੰਬਾਰ ਮੁੜ ਮੁੜ ਬਲਿਹਾਰ ਸਦਕੇ ਵਾਰਣੇ ਹੁੰਦੇ ਰੱਜਦੇ ਨਹੀਂ ਹਨ ॥੨੬੯॥


Flag Counter