ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 445


ਬਾਂਝ ਬਧੂ ਪੁਰਖੁ ਨਿਪੁੰਸਕ ਨ ਸੰਤਤ ਹੁਇ ਸਲਲ ਬਿਲੋਇ ਕਤ ਮਾਖਨ ਪ੍ਰਗਾਸ ਹੈ ।

ਬੰਧ੍ਯਾ ਇਸਤ੍ਰੀ ਤੇ ਹੀਜੜੇ ਪੁਰਖ ਦਾ ਸੰਜੋਗ ਆਦਿ ਮਿਲੇ ਤਾਂ ਸੰਤਾਨ ਨਹੀਂ ਉਪਜ੍ਯਾ ਕਰਦੀ; ਪਾਣੀ ਦੇ ਰਿੜਕਿਆਂ ਭਲਾ ਮੱਖਨ ਕਿਸ ਤਰ੍ਹਾਂ ਪ੍ਰਗਟ ਹੋਵੇ।

ਫਨ ਗਹਿ ਦੁਗਧ ਪੀਆਏ ਨ ਮਿਟਤ ਬਿਖੁ ਮੂਰੀ ਖਾਏ ਮੁਖ ਸੈ ਨ ਪ੍ਰਗਟੇ ਸੁਬਾਸ ਹੈ ।

ਫਣੀ ਫਣ ਵਾਲੇ ਸੱਪ ਨੂੰ ਫੜ ਕੇ ਦੁੱਧ ਪੀਆਈਏ ਤਾਂ ਕੋਈ ਓਸ ਦੀ ਵਿਹੁ ਨਹੀਂ ਮਿਟ ਜਾਣੀ; ਅਤੇ ਮੂਲੀ ਖਾਧਿਆਂ ਮੂੰਹ ਵਿਚੋਂ ਸੁਗੰਧੀ ਨਹੀਂ ਪ੍ਰਗਟ ਹੋ ਆਇਆ ਕਰਦੀ।

ਮਾਨਸਰ ਪਰ ਬੈਠੇ ਬਾਇਸੁ ਉਦਾਸ ਬਾਸ ਅਰਗਜਾ ਲੇਪੁ ਖਰ ਭਸਮ ਨਿਵਾਸ ਹੈ ।

ਮਾਨ ਸਰੋਵਰ ਉਪਰ ਜੇ ਕਿਤੇ ਕਾਂ ਜਾ ਬੈਠੇ, ਤਾਂ ਓਸ ਦਾ ਓਥੇ ਵਾਸਾ ਉਦਾਸੀ ਭਰ੍ਯਾ ਹੀ ਰਹਿੰਦਾ ਹੈ; ਅਰਥਾਤ ਓਸ ਦਾ ਚਿੱਤ ਨਹੀਂ ਲਗ੍ਯਾ ਕਰਦਾ ਖਿੰਨ ਮਨ ਹੀ ਰਹਿੰਦਾ ਹੈ ਅਤੇ ਖੋਤੇ ਨੂੰ ਚਾਹੇ ਅਤਰ ਅੰਬੀਰ ਲੇਪੀਏ; ਪਰ ਉਹ ਖੇਹ ਰੂੜੀ ਉੱਤੇ ਹੀ ਮੁੜ ਮੁੜ ਬੈਠਦਾ ਹੈ।

ਆਂਨ ਦੇਵ ਸੇਵਕ ਨ ਜਾਨੈ ਗੁਰਦੇਵ ਸੇਵ ਕਠਨ ਕੁਟੇਵ ਨ ਮਿਟਤ ਦੇਵ ਦਾਸ ਹੈ ।੪੪੫।

ਇਸੀ ਪ੍ਰਕਾਰ ਹੋਰ ਹੋਰ ਦੇਵਤਿਆਂ ਦਾ ਸੇਵਕ ਗੁਰੂ ਦੇਵ ਦੀ ਸੇਵਾ ਤੇ ਮਹੱਤ ਨੂੰ ਨਹੀਂ ਜਾਣ੍ਯਾ ਸਕ੍ਯਾ ਕਰਾ ਅਤੇ ਐਹੋ ਜੇਹੇ ਦੇਵ ਦਾਸ ਦੇਵਤਿਆਂ ਦੇ ਸਵੇਕ ਦੀ ਕਦੀ ਕਠਿਨ ਕੁਟੇਵ ਐਸੀ ਕ੍ਰੂਰ ਭੈੜੀ ਵਾਦੀ ਨਹੀਂ ਮਿਟਿਆ ਕਰਦੀ ਭਾਵ ਇਸੇ ਤਰ੍ਹਾਂ ਅਨਤ ਇਸ਼ਟੀਏ ਰਹਿਣ ਦਾ ਹਠਧਾਰੀ ਸੰਸਾਰੀ ਮਨੋਰਥਾਂ ਖਾਤਰ ਹੀ ਪਚ ਪਚ ਮਰਦਾ ਰਹਿੰਦਾ ਹੈ ॥੪੪੫॥