ਪੂਰਨ ਬ੍ਰਹਮ ਹੀ ਇਕ ਸਮਾਨ ਪ੍ਰੀਪੂਰਣ ਰਮਿਆ ਹੋਇਆ ਹੈ ਦੂਸਰਾ ਕੋਈ ਕੁਛ ਨਹੀਂ ਜਿਸ ਤਰ੍ਹਾਂ ਮ੍ਰਿਤਕਾ ਧਾਤੂ ਆਦਿ ਰਚਿਤ ਮੂਰਤੀਆਂ ਕਾਰਜ ਰੂਪ ਹੋਣ ਕਰ ਕੇ ਇਕ ਮਾਤ੍ਰ ਕਾਰਣ ਸਰੂਪ ਹੀ ਹੁੰਦੀਆਂ ਹਨ; ਸੋ ਉਹ ਮਿੱਟੀ ਧਾਤੂ ਕਾਠ ਆਦਿ ਅਪਣੇ ਅਪਣੇ ਕਾਰਣ ਤੋਂ ਕਿਸ ਤਰ੍ਹਾਂ ਅਨੇਕ ਰੂਪ ਨ੍ਯਾਰੀਆਂ ਹੋ ਸਕਦੀਆਂ ਹਨ; ਕ੍ਯੋਂਕਿ ਕਾਰਜ ਕਾਰਣ ਧੁਰ ਤੋਂ ਹੀ ਇਕ ਰੂਪ ਹੁੰਦੇ ਆਏ ਹਨ, ਐਸਾ ਹੀ ਪੰਜ ਤਤ ਰਚਿਤ ਸਮੂਹ ਸ਼ਰੀਰ ਆਪਣੇ ਪਰਮ ਤੱਤ ਸਰੂਪ ਪਰਮਾਤਮਾ ਕਾਰਣ ਨਾਲ ਅਭੇਦ ਹਨ।
ਸਰੀਰ ਸਰੀਰ ਰੂਪ ਪ੍ਰਤਿਮਾਵਾਂ ਮੂਰਤਾਂ ਵਿਖੇ, ਪੂਰਨ ਬ੍ਰਹਮ ਚੈਤੱਨ ਤੱਤ ਹੀ ਸਭ ਦਾ ਆਤਮਾ ਹੋ ਕੇ ਦੇਖਦਾ ਸੁਣਦਾ ਅਰੁ ਸਭ ਦੇ ਅੰਦਰੀਂ ਬੋਲ ਰਿਹਾ ਹੈ; ਇਉਂ ਜਦ ਸਰਬ ਬ੍ਯਾਪੀ ਹੈ; ਤਾਂ ਕਿਸ ਕਰ ਕੇ ਉਹ ਸਮੂਹ ਚੇਤੰਨ ਜੜ੍ਹ ਸਰੂਪ ਪ੍ਰਤਿਮਾ ਵਿਖੇ ਪ੍ਰਗਟ ਹੋ ਕੇ ਆਪ ਨੂੰ ਨਹੀਂ ਦਿਖਾ ਸਕਦਾ?
ਘੜ ਘੜ ਕੇ ਘੜੀਆਂ ਵਤ ਇਕੋ ਹੀ ਮਿੱਟੀ ਆਦਿਕ ਕਾਰਣ ਸਰੂਪ ਤੋਂ ਇਹ ਅਨੇਕਾਂ ਮੂਰਤਾਂ ਸਾਜੀਆਂ ਗਈਆਂ ਹਨ; ਪਰ ਸਾਰੀਆਂ ਦੀਆਂ ਸਾਰੀਆਂ ਤਾਂ ਦੇਵ ਮਦਿਰ ਅੰਦਰ ਸੁਭਾਯਮਾਨ ਨਹੀਂ ਹੋ ਜਾਯਾ ਕਰਦੀਆਂ। ਏਕੂੰ ਹੀ ਸਮੂਹ ਜੜ੍ਹ ਚੇਤਨ ਰਚਨਾ ਅੰਦਰ ਪੂਰਨ ਬ੍ਰਹਮ ਦਾ ਪ੍ਰਕਸ਼ ਭੀ ਸਾਖਯਾਤ ਸਾਰਿਆਂ ਵਿਖੇ ਭਾਨ ਨਹੀਂ ਹੋਯਾ ਕਰਦਾ।
ਸੋ ਇਸੇ ਪ੍ਰਕਾਰ ਇਹ ਪ੍ਰਤਿਸ਼ਟਾ ਪੂਰਨ ਬ੍ਰਹਮ ਸਰੂਪ ਸਤਿਗੁਰਾਂ ਨੂੰ ਹੀ ਪ੍ਰਾਪਤ ਹੈ, ਜੋ ਸਾਵਧਾਨ ਸਦਾ ਜਾਗਤੀ ਜੋਤ ਹਨ, ਤੇ ਉਹੀ ਇਕ ਮਾਤ੍ਰ ਜ੍ਯੋਤੀ ਨਿਰਗੁਣ ਸਰੂਪ ਜੁਗਲ ਮੂਰਤੀ ਦੋਹਾਂ ਸਰੂਪਾਂ ਵਿਖੇ ਹੋ ਅਰਥਾਤ ਸਰਗੁਣ ਸਰੂਪ ਬਣ ਕੇ ਪੁਜਾ ਰਹੀ ਹੈ ਵਾ ਉਪਦੇਸ਼ ਦ੍ਵਾਰਾ ਪੂਰਣਤਾ ਤੱਕ ਪੁਚਾ ਰਹੀ ਹੈ ਤੇ ਨਿਜ ਰੂਪ ਨਿਰਗੁਣ ਭਾਵ ਵਿਖੇ ਟਿਕਾ ਰਹੀ ਹੈ। ਤਾਂ ਤੇ ਹੋਰ ਪੂਜਾ ਅਰਚਨਾ ਸਭ ਪ੍ਰਕਾਰ ਦੀ ਹੀ ਤ੍ਯਾਗ ਕੇ ਇਕ ਮਾਤ੍ਰ ਸਤਿਗੁਰਾਂ ਨੂੰ ਹੀ ਸੇਵਨ ਕਰੋ ਆਰਾਧੋ ॥੪੬੨॥