ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 195


ਗੁਰਸਿਖ ਏਕਮੇਕ ਰੋਮ ਕੀ ਅਕਥ ਕਥਾ ਗੁਰਸਿਖ ਸਾਧਸੰਗਿ ਮਹਿਮਾ ਕੋ ਪਾਵਈ ।

ਜਹਿੜੇ ਗੁਰੂ ਕੇ ਸਿੱਖ ਪੂਰਬ ਉਕਤ ਦ੍ਵਾਰੇ ਏਕ ਮੇਂ ਏਕ ਰੂਪ ਹੋ ਗਏ, ਓਨਾਂ ਦੇ ਇਕ ਰੋਮ ਵਾਲ ਭਰ ਦੀ ਕਥਾ ਅਕੱਥ ਰੂਪ ਹੈ ਨਹੀਂ ਕਹੀ ਜਾ ਸਕਦੀ। ਐਸਿਆਂ ਗੁਰ ਸਿਖਾਂ ਦੀ ਸਤ ਸੰਗਤ ਦੀ ਮਹਿਮਾ ਭਲਾ ਕੌਣ ਪਾ ਸਕਦਾ ਹੈ।

ਏਕ ਓਅੰਕਾਰ ਕੇ ਬਿਥਾਰ ਕੋ ਨ ਪਾਰਾਵਾਰੁ ਸਬਦ ਸੁਰਤਿ ਸਾਧਸੰਗਤਿ ਸਮਾਵਈ ।

ਓਨਾਂ ਗੁਰ ਸਿੱਖਾਂ ਦੇ ਓਅੰਕਾਰ ਮਾਤ੍ਰ ਇੱਕ ਅੱਖਰ ਦੇ ਵਿਸਤਾਰ ਪਸਾਰੇ ਦਾ ਪਾਰਾਵਾਰ ਓੜਕ ਨਹੀਂ ਪਾਯਾ ਜਾ ਸਕਦਾ ਜਿਹੜਾ ਕੋਈ ਸ਼ਬਦ ਮਾ੍ਰ ਨੂੰ ਹੀ ਸੁਰਤਿ ਸੁਣ ਪੌਂਦਾ ਹੈ, ਉਹ ਤਾਂ ਸਤਸੰਗ ਵਿਚ ਲੀਨ ਹੀ ਹੋ ਜਾਂਦਾ ਹੈ।

ਪੂਰਨ ਬ੍ਰਹਮ ਗੁਰ ਸਾਧਸੰਗਿ ਮੈ ਨਿਵਾਸ ਦਾਸਨ ਦਾਸਾਨ ਮਤਿ ਆਪਾ ਨ ਜਤਾਵਈ ।

ਇਸੇ ਕਰ ਕੇ ਹੀ ਉਹ ਗੁਰੂ ਮਹਾਰਾਜ ਵਿਚ ਭੀ ਸਮਾ ਜਾਂਦਾ ਹੈ, ਕ੍ਯੋਂਕਿ ਪੂਰਨ ਬ੍ਰਹਮ ਸਰੂਪ ਸਤਿਗੁਰੂ ਦਾ ਨਿਵਾਸ ਵਾਸਾ ਡੇਰਾ ਸਤਿਸੰਗ ਵਿਚ ਹੀ ਹੁੰਦਾ ਹੈ। ਅਰੁ ਇਉਂ ਅਭੇਦ ਹੋ ਕੇ ਐਸਾ ਪੁਰਖ ਉਸ ਅਭੇਦਤਾ ਦਾ ਮਾਨ ਨਹੀਂ ਕਰਿਆ ਕਰਦਾ। ਸਗੋਂ ਦਾਸਨ ਦਾਸਾਨ ਦਾਸਾਂ +ਅਨੁ+ਦਾਸਨ ਗੁਰੂ ਕਿਆਂ ਦਾਸਾਂ ਦੇ ਅਨੁ ਭਿਛੇ ਅਨੁਸਾਰ ਚੱਲਨ ਵਾਲੇ ਦਾਸਾਂ ਵਾਲੀ ਮੱਤਿ ਧਾਰਣਾ ਸੁਭਾਵ ਧਾਰ ਕੇ ਆਪੇ ਅਭਿਮਾਨ ਨੂੰ ਕਿਸੇ ਪ੍ਰਕਾਰ ਭੀ ਨਹੀਂ ਜਣਾਯਾ ਕਰਦਾ।

ਸਤਿਗੁਰ ਗੁਰ ਗੁਰਸਿਖ ਸਾਧਸੰਗਤਿ ਹੈ ਓਤਿ ਪੋਤਿ ਜੋਤਿ ਵਾ ਕੀ ਵਾ ਹੀ ਬਨਿ ਆਵਈ ।੧੯੫।

ਸਤਿਗੁਰੂ ਆਪ ਹੀ ਗੁਰੂ ਹਨ ਤੇ ਆਪ ਹੀ ਗੁਰ ਸਿੱਖ, ਕ੍ਯੋਂਕਿ ਓਹੀ ਸਾਧ ਸੰਗਤਿ ਵਿਖੇ ਓਤਪੋਤ ਤਾਣੇ ਪੇਟੇ ਦੀ ਤਾਰ ਵਤ ਰਮੇ ਹੋਏ ਹਨ ਇਸੇ ਲਈ ਹੀ ਓਨਾਂ ਦੀ ਜੋਤਿ ਪ੍ਰਤਾਪ ਦੀ ਪ੍ਰਭੁਤਾ ਕੇਵਲ ਓਨ੍ਹਾਂ ਨੂੰ ਹੀ ਬਣ ਆ ਸਕਦੀ ਹੈ, ਅਰਥਾਤ ਓਨਾਂ ਦੀ ਸਮਸਰਤਾ ਹੋਰ ਕੋਈ ਨਹੀਂ ਕਰ ਸਕਦਾ॥੧੯੪॥


Flag Counter