ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 312


ਜੈਸੇ ਤਉ ਬਸਨ ਅੰਗ ਸੰਗ ਮਿਲਿ ਹੁਇ ਮਲੀਨ ਸਲਿਲ ਸਾਬੁਨ ਮਿਲਿ ਨਿਰਮਲ ਹੋਤ ਹੈ ।

ਜਿਸ ਤਰ੍ਹਾਂ ਬਸਨ = ਸਬਤਰ ਅੰਗਾਂ ਨਾਲ ਮਿਲਿ ਲਗ ਕੇ ਪਹਿਨਣ ਤੇ ਮੈਲਾ ਹੋ ਜਾਇਆ ਕਰਦਾ ਹੈ, ਤਉ ਤਾਂ ਜਲ ਸਬੂਨ ਨਾਲ ਧੋਤਿਆਂ ਨਿਰਲ ਉਜਲਾ ਹੋ ਜਾਇਆ ਕਰਦਾ ਹੈ।

ਜੈਸੇ ਤਉ ਸਰੋਵਰ ਸਿਵਾਲ ਕੈ ਅਛਾਦਿਓ ਜਲੁ ਝੋਲਿ ਪੀਏ ਨਿਰਮਲ ਦੇਖੀਐ ਅਛੋਤ ਹੈ ।

ਤਉ ਫੇਰ ਜਿਸ ਭਾਂਤ ਸਰੋਵਰ ਤਲਾ ਅੰਦਰ ਜਲ ਸਿਵਾਲ ਕੈ = ਜਾਲੇ ਕਾਰਣ ਢੱਕਿਆ ਹੋਇਆ ਹੁੰਦਾ ਹੈ, ਤੇ ਜਿਹੜਾ ਦੇਖੀਐ 'ਅਛੋਤ' ਦਿਖਾਈ ਦਿੰਦਾ ਸੀ ਅਛੂਤ ਰੂਪ ਪਲੀਤ ਝਬੱਲਨ ਮਾਤ੍ਰ ਤੇ ਨਿਰਮਲ ਹੋ ਔਣ ਕਰ ਕੇ ਪੀਵੀਦਾ ਹੈ। ਅਥਵਾ ਜਾਲੇ ਨਾਲ ਢਕਿਆ ਜਲ ਜਿਸ ਤਰ੍ਹਾਂ 'ਝੋਲਿ' ਝਬੱਲਿਆਂ ਮੈਲ ਤੋਂ ਰਹਿਤ ਅਛੋਤ ਸੁੱਧ ਦਿਖਾਈ ਦੇਣ ਤੇ ਪੀਵੀ ਦਾ ਹੈ ਪੀਨ ਲੈਕ ਹੋ ਜਾਂਦਾ ਹੈ।

ਜੈਸੇ ਨਿਸ ਅੰਧਕਾਰ ਤਾਰਕਾ ਚਮਤਕਾਰ ਹੋਤ ਉਜੀਆਰੋ ਦਿਨਕਰ ਕੇ ਉਦੋਤ ਹੈ ।

ਜਿਸ ਤਰ੍ਹਾਂ ਰਾਤ ਹਨੇਰੀ ਵਿਖੇ ਤਾਰਿਆਂ ਦਾ ਚਮਤਕਾਰ ਉਜਾਲਾ ਹੋਇਆ ਕਰਦਾ ਹੈ ਪ੍ਰੰਤੂ ਦਿਨਕਰ ਸੂਰਜ ਦੇ ਉਦੇ ਹੁੰਦੇ ਸਾਰ ਹੀ ਉਜੀਆਰੋ ਚਾਨਣਾ ਹੋ ਆਇਆ ਕਰਦਾ ਹੈ ਹਨੇਰਾ ਮਿਟ ਜਾਇਆ ਕਰਦਾ ਹੈ।

ਤੈਸੇ ਮਾਇਆ ਮੋਹ ਭ੍ਰਮ ਹੋਤ ਹੈ ਮਲੀਨ ਮਤਿ ਸਤਿਗੁਰ ਗਿਆਨ ਧਿਆਨ ਜਗਮਗ ਜੋਤਿ ਹੈ ।੩੧੨।

ਤਿਸੀ ਪ੍ਰਕਾਰ ਮਾਇਆ ਦੇ ਮੋਹ ਕਰ ਕੇ ਭਰਮੀ ਹੋਈ ਮਤਿ ਬੁਧੀ ਮੈਲੀ ਧੁੰਦਲੀ ਹੋਈ ਰਹਿੰਦ ਹੈ ਸਤਿਗੁਰਾਂ ਦੇ ਗਿਆਨ ਤਥਾ ਧਿਆਨ ਦੇ ਪ੍ਰਭਾਵ ਕਰ ਕੇ ਉਹ ਧੁੰਦਲਾ ਪਨ ਨਿਵਿਰਤ ਹੋ ਕੇ ਆਤਮ ਜੋਤੀ ਦਾ ਪ੍ਰਕਾਸ਼ ਜਗ ਮਗਜਗ ਮਗ ਕਰਨ ਲਗ ਪਿਆ ਕਰਦਾ ਹੈ ॥੩੧੨॥