ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 604


ਜੈਸੇ ਬਿਬਿਧ ਪ੍ਰਕਾਰ ਕਰਤ ਸਿੰਗਾਰ ਨਾਰਿ ਭੇਟਤ ਭਤਾਰ ਉਰ ਹਾਰ ਨ ਸੁਹਾਤ ਹੈ ।

ਜਿਵੇਂ ਇਸਤਰੀ ਭਰਤਾ ਨੂੰ ਮਿਲਣ ਹਿਤ ਅਨੇਕ ਪ੍ਰਕਾਰ ਦੇ ਸ਼ਿੰਗਾਰ ਕਰਦੀ ਹੈ, ਪਰ ਜਦ ਪਤੀ ਮਿਲ ਜਾਂਦਾ ਹੈ ਤਾਂ ਫਿਰ ਗਲੇ ਦਾ ਹਾਰ ਆਦਿਕ ਵੀ ਨਹੀਂ ਸੁਹਾਉਂਦਾ।

ਬਾਲਕ ਅਚੇਤ ਜੈਸੇ ਕਰਤ ਅਨੇਕ ਲੀਲਾ ਸੁਰਤ ਸਮਾਰ ਬਾਲ ਬੁਧਿ ਬਿਸਰਾਤ ਹੈ ।

ਅੰਞਾਣਾ ਬਾਲਕ ਜਿਵੇਂ ਅਨੇਕ ਖੇਡਾਂ ਖੇਡਦਾ ਹੈ, ਪਰ ਜਦ ਸੁਰਤ ਸੰਭਾਲ ਲੈਂਦਾ ਹੈ ਤਾਂ ਬਾਲ ਬੁੱਧਦੀਆਂ ਖੇਡਾਂ ਵਿਸਾਰ ਦਿੰਦਾ ਹੈ।

ਜੈਸੇ ਪ੍ਰਿਯਾ ਸੰਗਮ ਸੁਜਸ ਨਾਯਕਾ ਬਖਾਨੈ ਸੁਨ ਸੁਨ ਸਜਨੀ ਸਕਲ ਬਿਗਸਾਤ ਹੈ ।

ਜਿਵੇਂ ਪਿਆਰੇ ਦੇ ਮਿਲਾਪ ਦਾ ਜਸ ਪਤਨੀ ਕਹਿੰਦੀ ਹੈ ਤਾਂ ਸਾਰੀਆਂ ਸਖੀਆਂ ਸੁਣ ਸੁਣ ਕੇ ਖਿੜਦੀਆਂ ਹਨ।

ਤੈਸੇ ਖਟ ਕਰਮ ਧਰਮ ਸ੍ਰਮ ਗਯਾਨ ਕਾਜ ਗਯਾਨ ਭਾਨੁ ਉਦੈ ਉਡਿ ਕਰਮ ਉਡਾਤ ਹੈ ।੬੦੪।

ਤਿਵੇਂ ਗਿਆਨ ਕਾਰਜ ਲਈ ਕੀਤੇ ਖਟ ਕਰਮ, ਧਰਮ ਤੇ ਘਾਲਾਂ ਗਿਆਨ ਦੇ ਸੂਰਜ ਪ੍ਰਕਾਸ਼ਿਆਂ ਤਾਰਿਆਂ ਵਾਂਗ ਇਹ ਕਰਮ ਉਡ ਜਾਂਦੇ ਹਨ ॥੬੦੪॥