ਗੁਰ ਸਿੱਖਾਂ ਦੀ ਸੰਗਤਿ ਵਿਚ ਮਿਲਣ ਦਾ ਐਸਾ ਪ੍ਰਭਾਵ ਹੈ ਕਿ ਜਦ ਕਦੀ ਭੀ ਗੁਰ ਕੇ ਸਿੱਖ ਮਿਲਦੇ ਹਨ ਤਾਂ ਪ੍ਰੇਮ ਕਰ ਕੇ ਪਰਸਪਰ ਆਪੋ ਵਿਚ ਦੂਏ ਦੇ ਚਰਣਾਂ ਨੂੰ ਹੀ ਲਪਟਨ ਲਈ ਔਂਦੇ ਹਨ; ਭਾਵ ਵਡੇ ਛੋਟੇ ਦੀ ਵਡ੍ਯਾਈ ਛੁਟਾਈ ਦੀ ਪ੍ਰਵਾਹ ਨਾ ਕਰ ਕੇ ਇਕ ਬ੍ਰਾਬਰ ਹੀ ਪੈਰਾਂ ਉਪਰ ਡਿਗਨ ਪੈਂਦੇ ਹਨ।
ਅਤੇ ਇਸ ਤਰ੍ਹਾਂ ਮਿਲਨ ਉਪ੍ਰੰਤ ਆਪਸ ਵਿਖੇ ਨੇਤ੍ਰ ਭਰ ਭਰ ਦਰਸ਼ਨ ਕਰਦੇ, ਅਤੇ ਕੰਨਾਂ ਦ੍ਵਾਰੇ ਇਕ ਦੂਏ ਦੀ ਰਸਨਾ ਤੋਂ ਸ਼ਬਦ = ਸਤਿਗੁਰੂ ਮਹਮਾ ਦੇ ਬਚਨ ਬਿਲਾਸ ਸੁਣਦੇ ਸੁਣਦੇ ਪੂਰਨ ਬ੍ਰਹਮਸਰੂਪ ਸਤਿਗੁਰੂ ਦੇ ਯਥਾਰਥ ਗਿਆਨ ਨੂੰ ਪ੍ਰਾਪਤ ਹੋ ਕੇ ਓਸੇ ਹੀ ਧਿਆਨ ਵਿਚ ਫੇਰ ਲਿਵ ਲਗਾ ਲਿਆ ਕਰਦੇ ਹਨ।
ਇਕ ਤਾਂ ਮਿੱਠੇ ਮਿੱਠੇ ਸ੍ਵਾਦ ਵਾਲੇ ਅੰਨ ਪਾਣੀ ਆਦਿ ਛਕਨ ਦੇ ਪਦਾਰਥ ਭੇਟਾ ਲੈ ਕੇ ਔਂਦੇ ਹਨ ਤੇ ਇਕ ਕੋਈ ਕੜਾਹ ਪ੍ਰਸਾਦ ਲਿਔਂਦੇ ਹਨ, ਅਤੇ ਇਕ ਗੁਰਪੁਰਬ ਗੁਰੂਆਂ ਦੇ ਅਵਤਾਰ ਆਦਿ ਸਬੰਧੀ ਮੁਖ੍ਯ ਦਿਨਾਂ ਕੈ ਕਾਰਣ ਸਿੱਖਾਂ ਨੂੰ ਸੰਗਤ ਨੂੰ ਸੱਦਦੇ ਦੀਵਾਨ ਲਈ ਇਕਤ੍ਰ ਕਰਦੇ ਹਨ।
ਤਿਨਾਂ ਐਸਿਆਂ ਗੁਰ ਸਿੱਖਾਂ ਦੇ ਉਚਿਸਟ ਸੀਤ ਪ੍ਰਸਾਦਿ ਨੂੰ ਅਰਥਾਤ ਐਸਿਆਂ ਗੁਰ ਸਿੱਖਾਂ ਦੇ ਦੀਵਾਨ ਸਾਧ ਸੰਗਤ ਦੇ ਇਕੱਠ ਅੰਦਰ ਵਰਤਦੇ ਛਕੀਂਦੇ ਪ੍ਰਸਾਦਿ ਦੇ ਡਿਗੇ ਢੱਠੇ ਕਿਣਕੇ ਨੂੰ ਭੀ ਸ਼ਿਵਜੀ ਆਦਿਕ ਮਹਾਂ ਦੇਵਤੇ ਅਤੇ ਸਨਕਾਦਿਕ ਮਹਾਂ ਮੁਨੀ ਚਾਹੁੰਦੇ ਰਹਿੰਦੇ ਹਨ, ਪਰ ਐਸਿਆਂ ਗੁਰਸਿੱਖਾਂ ਨੂੰ ਦੂਖਣਾ ਲੌਣ ਵਾਲੇ ਤਰਕਾਂ ਉਠਾਨ ਵਾਲੇ ਪਤਾ ਨਹੀਂ ਕੀਹ ਨੀਚ ਫਲ ਪੌਣਗੇ ॥੩੦੯॥ ਦੇਖੋ ਕਬਿੱਤ ੧੨੪ ਭੀ।