ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 45


ਦ੍ਰਿਸਟਿ ਮੈ ਦਰਸ ਦਰਸ ਮੈ ਦ੍ਰਿਸਟਿ ਦ੍ਰਿਗ ਦ੍ਰਿਸਟਿ ਦਰਸ ਅਦਰਸ ਗੁਰ ਧਿਆਨ ਹੈ ।

ਦ੍ਰਿਸਟਿ ਮਹਿ ਨ੍ਰੇਤਾਂ ਦੇ ਧਿਆਨ ਵਿਚ, ਦਰਸ ਦ੍ਰਿਸ਼੍ਯ ਦਰਸ਼ਨ ਜੋਗ ਸਮੂਹ ਪਦਾਰਥ ਯਾ ਸੰਸਾਰ ਦਾ ਵਾਸਾ ਹੈ, ਅਰੁ ਦਰਸ ਮਹਿ ਦ੍ਰਿਸ਼੍ਯ ਦੇਖਨ ਜੋਗ ਸਮੂਹ ਪਦਾਰਥਾਂ ਵਿਖੇ, ਦ੍ਰਿਸਟਿ ਨੇਤ੍ਰਾਂ ਦੀ ਧਾਰ ਧਿਆਨ ਇਹ ਹੈ ਆਮ ਲੌਕਿਕ ਵਰਤਾਰਾ ਸੰਸਾਰ ਅੰਦਰ, ਪ੍ਰੰਤੂ ਦ੍ਰਿਗ ਨੇਤ੍ਰ ਦ੍ਰਿਸਟਿ ਨੇਤ੍ਰਾਂ ਦੀ ਤਾਰਧਾਰ ਯਾ ਧਿਆਨ ਅਰ ਦਰਸ ਦ੍ਰਿਸ਼੍ਯ ਭਾਵ ਤਕਨ ਵਾਲੀ ਵਸਤੂ ਤੇ ਜਿਸ ਅੰਤਰ ਵਰਤੀ ਉਕਤ ਤਾਰ ਦ੍ਵਾਰਾ ਤਕਣ ਜੋਗ ਵਸਤੂ ਤੱਕੀ ਜਾਂਦੀ ਹੈ ਅਤੇ ਉਹ ਵਸਤੂ ਜਿਸ ਨੂੰ ਤੱਕਿਆ ਜਾਂਦਾ ਹੈ ਅਰਥਾਤ ਦ੍ਰਸ਼੍ਟਾ, ਦਰਸ਼ਨ ਅਰੁ ਦ੍ਰਿਸ਼੍ਯ ਰੂਪ ਤ੍ਰਿਪੁਟੀ ਵਲੋਂ, ਅਦਰਸ ਅਦ੍ਰਿਸ਼੍ਯ ਭਾਵ ਹਾਲਤ ਵਿਖੇ ਇਸਥਿਤ ਹੋ ਕੇ ਗੁਰ ਧਿਆਨ ਸਤਿਗੁਰੂ ਦੇ ਵਾਸਤ੍ਵਿਕ ਧਿਆਨ ਨੂੰ ਗੁਰਮੁਖ ਪ੍ਰਾਪਤ ਹੁੰਦਾ ਹੈ।

ਸਬਦ ਮਹ ਸੁਰਤਿ ਸੁਰਤਿ ਮਹ ਸਬਦ ਧੁਨਿ ਸਬਦ ਸੁਰਤਿ ਅਗਮਿਤਿ ਗੁਰ ਗਿਆਨ ਹੈ ।

ਐਸਾ ਹੀ ਸ਼ਬਦ ਵਿਖੇ ਸੁਰਤਿ ਸੁਨਣ ਵਾਲੀ ਸ਼ਕਤੀ ਅਰ ਸੁਨਣ ਵਾਲੀ ਸ਼ਕਤੀ ਵਿਖੇ ਸ਼ਬਦ ਦੀ ਧੁਨੀ ਇਹ ਸੰਸਾਰ ਵਿਖੇ ਲੌਕਿਕ ਬਿਵਹਾਰ ਹੈ ਪ੍ਰੰਤੂ ਸਬਦ ਅਰੁ ਸੁਰਤਿ ਦੇ ਅਗਮਿਤ ਅਗਮ੍ਯ ਪਹੁੰਚਨੋ ਪਰੇ ਭਾਵ ਸ਼ਬਦ ਸੁਨਣ ਵੱਲੋਂ ਕੰਨਾਂ ਨੂੰ ਸਮੇਟਿਆ ਤੇ ਕੰਨਾਂ ਅੰਦਰਲੀ ਸੁਣਨ ਸ਼ਕਤੀ ਨੂੰ ਭੀ ਉਲੰਘ ਕੇ ਜਿਸ ਉਕਤ ਸ਼ਕਤੀ ਪ੍ਰਦਾਤੀ ਸ਼ਕਤੀ ਵਿਚ ਗੁਰਮੁਖ ਪੁਜਦਾ ਹੈ ਉਹ ਲੌਕਿਕ ਵਰਤਾਰੇ ਤੋਂ ਅਗੰਮ ਅਵਸਥਾ ਅਰ ਗੁਰੂ ਗਿਆਨ ਹੈ।

ਗਿਆਨ ਧਿਆਨ ਕਰਨੀ ਕੈ ਪ੍ਰਗਟਤ ਪ੍ਰੇਮ ਰਸੁ ਗੁਰਮਤਿ ਗਤਿ ਪ੍ਰੇਮ ਨੇਮ ਨਿਰਬਾਨ ਹੈ ।

ਇਸ ਪ੍ਰਕਾਰ ਦੀ ਗਿਆਨ ਅਰ ਧਿਆਨ ਮਈ ਕਰਣੀ ਅਭ੍ਯਾਸ ਨੂੰ ਕਰ ਕੇ ਪ੍ਰਗਟ ਹੁੰਦਾ ਹੈ ਜੋ ਪ੍ਰੇਮ ਰਸ ਅਨੁਭਵ ਉਹੀ ਅਸਲ ਗੁਰਮਤਿ ਗਤਿ = ਗੁਰਮਤ ਦੀ ਪ੍ਰਾਪਤੀ ਕਹੀ ਜਾਂਦੀ ਹੈ ਅਰ ਏਹੋ ਹੀ ਗਤਿ = ਅਵਸਥਾ ਦਸ਼ਾ ਪ੍ਰੇਮ ਦੀ ਹੁੰਦੀ ਹੈ, ਜਿਸ ਦੇ ਅੰਗੇ ਸਭ ਪ੍ਰਕਾਰ ਦਾ ਨੇਮ ਨਿਰਬਾਨ ਹੈ ਅਰਥਾਤ ਨਿਵਿਰਤ ਹੋ ਜਾਂਦਾ ਹੈ ਭਾਵ ਇਹ ਉਹ ਅਵਸਥਾ ਹੈ ਜਿਥੇ ਨੇਮ ਦੀਆਂ ਹੱਦਾਂ ਵੱਟਾਂ ਟੁੱਟ ਜਾਂਦੀਆਂ ਹਨ।

ਪਿੰਡ ਪ੍ਰਾਨ ਪ੍ਰਾਨਪਤਿ ਬੀਸ ਕੋ ਬਰਤਮਾਨ ਗੁਰਮੁਖ ਸੁਖ ਇਕ ਈਸ ਮੋ ਨਿਧਾਨ ਹੈ ।੪੫।

ਦੂਏ ਸ਼ਬਦਾਂ ਵਿਚ ਐਉਂ ਸਮਝੋ ਕਿ ਪਿੰਡ ਸਰੀਰ ਅਰ ਪ੍ਰਾਨ ਸ੍ਵਾਸ ਜਾਨ ਅਤੇ ਪ੍ਰਾਨਪਤਿ ਪ੍ਰਾਨਾਂ ਦਾ ਪਤੀ ਸ੍ਵਾਮੀ ਮਨ ਇਹ ਸਭ ਵੀਹਾਂ ਦਾ ਵਰਤਾਰਾ ਸੰਸਾਰੀ ਪ੍ਰਵਿਰਤੀ ਹੁੰਦੀ ਹੈ ਪ੍ਰੰਤੂ ਗੁਰਮੁਖ ਨੂੰ ਪ੍ਰਾਪਤ ਹੋਣ ਜੋਗ ਸੁਖ ਸਰਬ ਪ੍ਰਕਾਰ ਕਰ ਕੇ ਸੰਸਾਰੀ ਦ੍ਰਿਸ਼ਟੀ ਤੋਂ ਦੂਰ ਇਕੀਸਵਾਂ ਨਿਧਾਨ ਘਰ ਠੌਰ ਖਜਾਨਾ ਹੁੰਦਾ ਹੈ, ਭਾਵ ਗੁਰਮੁਖ ਇਕੀਸਵੇਂ ਟਿਕਾਣੇ ਹੁੰਦਾ ਹੈ ਅਥਵਾ ਗੁਰਮੁਖੀ ਸੁਖ ਰੂਪ ਨਿਧਾਨ ਖਜ਼ਾਨਾ ਇਕੀਸਮੋਂ ਇਕੀਸਵੇ ਅੰਗ ਪੁਰ ਗਿਣੇ ਜਾਣ ਲੈਕ ਹੈ ਹੋਂ ਟੱਪਿਆ ਹੋਯਾ ਬੇਹੱਦ ਰੂਪ ॥੪੫॥


Flag Counter