ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 73


ਗੁਰਸਿਖ ਏਕਮੇਕ ਰੋਮ ਮਹਿਮਾ ਅਨੰਤ ਅਗਮ ਅਪਾਰ ਗੁਰ ਮਹਿਮਾ ਨਿਧਾਨ ਹੈ ।

ਜੇਹੜੇ ਸਿੱਖ ਗੁਰਾਂ ਨਾਲ ਏਕ ਮੇਕ ਇੱਕ ਭਾਵ ਵਾਲੇ ਗੁਰ ਸਿੱਖ ਸੰਧੀ ਦੇ ਮੇਲ ਵਿਚ ਆਏ ਹੋਏ ਬਣ ਗਏ ਹਨ, ਓਨਾਂ ਦੇ ਇੱਕ ਰੋਮ ਭਰ ਦੀ ਮਹਿਮਾ ਅਨੰਤ ਹੈ ਭਾਵ ਓਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਦ ਰੋਮ ਭਰ ਦੀ ਮਹਿਮਾ ਅਨੰਤ ਕਾਰਣ ਸਿੱਖ ਦੀ ਐਡੀ ਮਹਾਨ ਮਹਿਮਾ ਹੋ ਜਾਂਦੀ ਹੈ, ਤਾਂ ਗੁਰੂ ਤਾਂ ਹੈਣ ਹੀ ਅਗੰਮ ਅਪਾਰ ਮਹਿਮਾ ਦੇ ਨਿਧਾਨ ਘਰ ਭੰਡਾਰੇ।

ਗੁਰਸਿਖ ਏਕਮੇਕ ਬੋਲ ਕੋ ਨ ਤੋਲ ਮੋਲ ਸ੍ਰੀ ਗੁਰ ਸਬਦ ਅਗਮਿਤਿ ਗਿਆਨ ਧਿਆਨ ਹੈ ।

ਐਸਾ ਹੀ ਗੁਰ ਸਿੱਖ ਦੇ ਇਕ ਮਾਤ੍ਰ ਬੋਲ ਬਚਨ ਦੇ ਤੋਲ ਵੀਚਾਰ ਅੰਦਾਜ਼ੇ ਸਿਧਾਂਤ ਨੂੰ ਹਾਰੀ ਸਾਰੀ ਨਹੀਂ ਸਮਝ ਸਕਦਾ, ਅਤੇ ਨਾ ਹੀ ਓਸ ਦਾ ਮੁੱਲ ਹੀ ਮਾਯਾ ਜਾ ਸਕਦਾ ਹੈ। ਇਸ ਦੇ ਮੁਕਾਬਲੇ ਵਿਚ ਸਤਿਗੁਰਾਂ ਦੇ ਸਬਦ ਦਾ ਜੋ ਗਿਆਨ ਹੈ, ਓਸ ਦਾ ਧਿਆਨ ਵਿਚ ਲ੍ਯੌਣਾ ਤਾਂ ਹੈ ਹੀ ਅਗੰਮ+ਇਤ = ਅਗੰਮਤਾ ਦੀ ਅਵਧੀ ਰੂਪ।

ਗੁਰਸਿਖ ਏਕਮੇਕ ਦ੍ਰਿਸਟਿ ਦ੍ਰਿਸਟਿ ਤਾਰੈ ਸ੍ਰੀ ਗੁਰ ਕਟਾਛ ਕ੍ਰਿਪਾ ਕੋ ਨ ਪਰਮਾਨ ਹੈ ।

ਗੁਰਸਿੱਖ ਦੀ ਦ੍ਰਿਸ਼੍ਟੀ ਅੱਖ ਦੀ ਇਕ ਮਾਤ੍ਰ ਨਿਗ੍ਹਾ ਤਾਰ ਦਿੰਦੀ ਹੈ ਜਦ ਬੰਦੇ ਨੂੰ ਸੰਸਾਰ ਤੋਂ ਤਾਂ ਫੇਰ ਸਤਿਗੁਰਾਂ ਦੇ ਕ੍ਰਿਪਾ ਭਰੇ ਕਟਾਖ੍ਯ ਅੱਖ ਦੇ ਚੁਭਾਉ ਨੇਤ੍ਰ ਭਰ ਕੇ ਤੱਕਨ ਦੇ ਪ੍ਰਭਾਉ ਦਾ ਤਾਂ ਕੋਈ ਪਰਮਾਣ ਅੰਦਾਜਾ ਥਹੁ ਲਾਇਆ ਹੀ ਨਹੀਂ ਜਾ ਸਕਦਾ।

ਗੁਰਸਿਖ ਏਕਮੇਕ ਪਲ ਸੰਗ ਰੰਗ ਰਸ ਅਬਿਗਤ ਗਤਿ ਸਤਿਗੁਰ ਨਿਰਬਾਨ ਹੈ ।੭੩।

ਅਤੇ ਐਸਾ ਹੀ ਗੁਰ ਸਿੱਖ ਦੇ ਤਾਂ ਇਕ ਮਾਤ੍ਰ ਪਲ ਘੜੀ ਸੰਗ ਸਾਥ ਕੀਤਿਆਂ ਰੰਗ ਰਸ ਪ੍ਰੇਮ ਦਾ ਰਸ ਰੱਬੀ ਸੁਆਦ ਆ ਜਾਂਦਾ ਹੈ ਸਤਿਗੁਰਾਂ ਦੀ ਗਤੀ ਮਹਿਮਾ ਤਾਂ ਫੇਰ ਹੈ ਹੀ ਅਬਿਗਤ ਅਬ੍ਯਕ੍ਤ ਰੂਪ ਅਰੁ ਨਿਰਬਾਣ ਅਥਵਾ ਸਤਿਗੁਰੂ ਨਿਰਬਾਣ ਮਿਤ ਮ੍ਰਯਾਦਾ ਤੋਂ ਰਹਿਤ ਖੁਲ੍ਹਮ ਖੁੱਲ੍ਹਾ ਮੌਜ ਮਾਤ੍ਰ ਤੇ ਹੀ ਅਬਿਗਤਾਂ ਅਪਗਤਾਂ ਦੀ ਭੀ ਗਤੀ ਕਰ ਦਿੱਤਾ ਕਰਦੇ ਹਨ ॥੭੩॥


Flag Counter