ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 517


ਜੈਸੇ ਕਾਚੋ ਪਾਰੋ ਖਾਤ ਉਪਜੈ ਬਿਕਾਰ ਗਾਤਿ ਰੋਮ ਰੋਮ ਕੈ ਪਿਰਾਤਿ ਮਹਾ ਦੁਖ ਪਾਈਐ ।

ਜਿਸ ਤਰ੍ਹਾਂ ਕੱਚੇ ਪਾਰੇ ਦੇ ਖਾਧਿਆਂ ਗਾਤਿ ਸਰੀਰ ਵਿਖੇ ਬਿਕਾਰ ਰੋਗ ਉਪਰ ਆਇਆ ਕਰਦਾ ਹੈ ਤੇ ਵਾਲ ਵਾਲ ਪੀੜ ਹੁੰਦਿਆਂ ਮਹਾਨ ਦੁੱਖ ਪਾਈਦਾ ਹੈ।

ਜੈਸੇ ਤਉ ਲਸਨ ਖਾਏ ਮੋਨਿ ਕੈ ਸਭਾ ਮੈ ਬੈਠੇ ਪ੍ਰਗਟੈ ਦੁਰਗੰਧ ਨਾਹਿ ਦੁਰਤ ਦੁਰਾਈਐ ।

ਫੇਰ ਜਿਸ ਤਰ੍ਹਾਂ ਲਸਨ ਥੋਮ ਖਾ ਕੇ ਸਭਾ ਅੰਦਰ ਕੋਈ ਚੁੱਪ ਭੀ ਵੱਟ ਬੈਠੇ ਤਾਂ ਉਹ ਲੁਕਾਇਆ ਨਹੀਂ ਲੁਕਿਆ ਕਰਦਾ ਓਸ ਦੀ ਦੁਰਗੰਧੀ ਬਦਬੂ ਪ੍ਰਗਟ ਹੋ ਹੀ ਜਾਇਆ ਕਰਦੀ ਹੈ।

ਜੈਸੇ ਮਿਸਟਾਨ ਪਾਨਿ ਸੰਗਮ ਕੈ ਮਾਖੀ ਲੀਲੇ ਹੋਤ ਉਕਲੇਦ ਖੇਦੁ ਸੰਕਟ ਸਹਾਈਐ ।

ਜਿਸ ਤਰ੍ਹਾਂ ਫੇਰ ਮਿਠ੍ਯਾਈ ਆਦਿ ਦੇ ਨਾਲ ਹੀ ਮੱਖੀ ਕਿਸੇ ਤਰ੍ਹਾਂ ਨਿਗਲੀ ਜਾਵੇ ਤਾਂ ਉਹ ਉਕਲੇਦ ਉਪਰ ਛਲ ਕੈ ਹੋ ਕੇ ਬਾਹਰ ਆ ਜਾਂਦਾ ਹੈ, ਸੰਕਟ ਭਰ੍ਯਾ ਖੇਦ ਮਹਾਂ ਕਸ਼ਟ ਸਹੀਦਾ ਹੈ।

ਤੈਸੇ ਹੀ ਅਪਰਚੇ ਪਿੰਡ ਸਿਖਨ ਕੀ ਭਿਖਿਆ ਖਾਏ ਅੰਤ ਕਾਲ ਭਾਰੀ ਹੋਇ ਜਮ ਲੋਕ ਜਾਈਐ ।੫੧੭।

ਤਿਸੀ ਪ੍ਰਕਾਰ ਹੀ ਗੁਰੂ ਸੇਵਾ ਤਥਾ ਨਾਮ ਵਿਖੇ ਪਿੰਡ ਸਰੀਰ ਦੇ ਪਰਚੇ ਬਿਨਾਂ ਜੋ ਸਿੱਖਾਂ ਦੀ ਭਿਛ੍ਯਾ ਖਾਵੇ ਅਰਥਾਤ ਓਨਾਂ ਦੀ ਕਾਰ ਭੇਟ ਦਾ ਆਯਾ ਪਦਾਰਥ ਖਾਏ ਤਾਂ ਅੰਤ ਕਾਲ ਨੂੰ ਔਕੜ ਹੋਯਾ ਕਰਦੀ ਹੈ, ਤੇ ਜਮ ਲੋਕ ਨਰਕ ਨੂੰ ਜਾਣਾ ਪੈਂਦਾ ਹੈ ॥੫੧੭॥ ਪੜ੍ਹੋ ਵੀਚਾਰ ਕਬਿੱਤ ੫੦੬


Flag Counter