ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 127


ਗੁਰਮੁਖਿ ਸਾਧ ਚਰਨਾਮ੍ਰਤ ਨਿਧਾਨ ਪਾਨ ਕਾਲ ਮੈ ਅਕਾਲ ਕਾਲ ਬਿਆਲ ਬਿਖੁ ਮਾਰੀਐ ।

ਗੁਰਮੁਖਿ ਸਾਧ ਚਰਨਾਮ੍ਰਿਤ ਨਿਧਾਨ ਪਾਨ ਸਾਧ ਸੰਤ ਸਤਿਗੁਰੂ ਦੇ ਚਰਣਾਂ ਦੇ ਅੰਮ੍ਰਿਤ ਨੂੰ ਜੋ ਕਿ ਅੰਮ੍ਰਿਤ ਦੇ ਨਿਧਾਨ ਭੰਡਾਰ ਰੂਪ ਹੈਨ, ਪਾਨ ਛਕ ਕਰ ਕੇ ਗੁਰਮੁਖ ਹੋਈ ਦਾ ਹੈ। ਅਤੇ ਐਸਾ ਬਣ ਕੇ ਕਾਲ ਮੈ ਅਕਾਲ ਸਮੇਂ ਦੀਆਂ ਹਦਾਂ ਵਿਖੇ ਵਾ ਸਮੇਂ ਦੇ ਅਨੁਸਾਰ ਜਿਹਾ ਜਿਹਾ ਜਿਸ ਜਿਸ ਵੇਲੇ ਆਣ ਵਾਪਰੇ ਓਸ ਮੂਜਬ ਵਰਤਦਾ ਹੋਯਾ ਭੀ, ਅਕਾਲ ਕਾਲ ਦਿਆਂ ਅਸਰਾਂ ਤੋਂ ਸੁਖ ਦੁਖ ਵਾ ਹਰਖ ਸ਼ੋਕ ਆਦਿ ਦੇ ਸਮਾਗਮਾਂ ਵਿਖੇ ਵਰਤਦਿਆਂ ਹੋਯਾਂ ਭੀ ਅਸੰਗ ਵਾ ਅਸਪਰਸ਼ ਰਿਹਾ ਕਰਦਾ ਹੈ। ਤੇ ਇਉਂ ਦੀ ਵਰਤਨ ਦੇ ਸੁਭਾਵ ਦੀ ਪ੍ਰਪੱਕਤਾ ਕਾਰਣ ਓਸ ਨੇ ਮਾਨੋਂ ਕਾਲ ਬਿਆਲ ਬਿਖੁ ਮਾਰੀ ਹੈ ਸਰਪ ਦੀ ਤਰਾਂ ਹਰਖ ਸ਼ੋਕ, ਰਾਗ ਦ੍ਵੈਖ ਆਦਿਕ ਜੋ ਇਸ ਕਾਲ ਦੀ ਬਿਖ ਵਿਹੁ ਮੌਕੇ ਮੌਕੇ ਸਿਰ ਡੰਗਨ ਵਾਲੀ ਸੀ ਮਾਰ ਦਿੱਤੀ ਹੈ ਨਿਵਿਰਤ ਕਰ ਦਿੱਤੀ ਹੈ।

ਗੁਰਮੁਖਿ ਸਾਧ ਚਰਨਾਮ੍ਰਤ ਨਿਧਾਨ ਪਾਨ ਕੁਲ ਅਕੁਲੀਨ ਭਏ ਦੁਬਿਧਾ ਨਿਵਾਰੀਐ ।

ਗੁਰਮੁਖਿ ਸਾਧ ਚਰਨਾਮ੍ਰਿਤ ਨਿਧਾਨ ਪਾਨ ਸਾਧੂ ਸਤਿਗੁਰਾਂ ਦੇ ਅੰਮ੍ਰਿਤ ਭੰਡਾਰ ਰੂਪ ਚਰਣਾਂ ਦੇ ਅੰਮ੍ਰਿਤ ਨੂੰ ਪਾਨ ਕਰ ਕੇ ਕੁਲ (ਜਾਤੀ, ਗੋਤ ਬਰਨ, ਆਸ਼੍ਰਮ ਆਦਿ ਦੇ ਅਭਿਮਾਨ ਨੂੰ ਤਿਆਗ ਕੇ ਗੁਰਮੁਖਤਾ ਮਾਤ੍ਰ ਧਾਰਦੇ ਹੀ ਇਨ੍ਹਾ ਵਲੋਂ 'ਅਕੁਲੀਨ' ਕੁਲ ਰਹਿਤ ਹੋ ਜਾਂਦਾ ਹੀ ਅਤੇ ਆਪਣੇ ਆਪ ਨੂੰ ਸਿੱਖ ਸਦਾਣ ਲੱਗ ਜਾਣ ਕਰ ਕੇ ਰੀਤਾਂ ਰਸਮਾਂ ਆਦਿ ਦੀ ਜੋ ਬਿਧਿ ਨਿਖੇਧ ਦੀ ਦੁਬਿਧਾ ਸੀ, ਉਨ ਨਿਵਾਰਨ ਤਿਆਗ ਕਰ ਦਿੰਦਾ ਹੈ।

ਗੁਰਮੁਖਿ ਸਾਧ ਚਰਨਾਮ੍ਰਤ ਨਿਧਾਨ ਪਾਨ ਸਹਜ ਸਮਾਧਿ ਨਿਜ ਆਸਨ ਕੀ ਤਾਰੀਐ ।

ਗੁਰਮੁਖਤਾ ਧਾਰਦਿਆਂ ਸਾਧੂ ਸਾਧੂ ਸਰੂਪ ਸਤਿਗੁਰਾਂ ਦੇ ਅੰਮ੍ਰਿਤ ਭੰਡਾਰ ਰਣਾਂ ਦੇ ਅੰਮ੍ਰਿਤ ਨੂੰ ਪਾਨ ਕਰ ਕੇ ਓਸ ਦੀ 'ਸਹਜ ਸਮਾਧਿ ਨਿਜ ਆਸਨ ਕੀ ਤਾਰੀਐ' ਨਿਜ ਆਪੇ ਦਾ ਹੈ ਆਸਨ ਨਿਵਾਸ ਜਿਸ ਟਿਕਾਣੇ ਆਪਣੇ ਅੰਦਰ, ਓਥੇ ਹੀ ਤਾਰੀਐ ਤਾੜੀ ਲਗਾ ਕੇ ਧ੍ਯਾਨ ਕਰ ਕੇ ਸਹਜ ਸਮਾਧਿ ਸਹਜ ਸਰੂਪਣੀ ਇਸਥਿਤੀ ਨੂੰ ਪ੍ਰਾਪਤ ਹੋ ਜਾਂਦਾ ਹੈ।

ਗੁਰਮੁਖਿ ਸਾਧ ਚਰਨਾਮ੍ਰਤ ਪਰਮਪਦ ਗੁਰਮੁਖਿ ਪੰਥ ਅਬਿਗਤ ਗਤਿ ਨਿਆਰੀਐ ।੧੨੭।

ਗੁਰਮੁਖਿ ਸਾਧ ਚਰਨਾਮ੍ਰਿਤ ਦੀ ਮ੍ਰਯਾਦਾ ਹੀ ਅੰਮ੍ਰਿਤ ਛਕਾ ਕੇ ਸਿੱਖ ਸਜਾਨ ਦੀ ਰਹੀ ਹੈ। ਸੋ ਓਸੇ ਦਾ ਹੀ ਵਿਧਾਨ ਭਾਈ ਜੀ ਨੇ ਉਸ ਵਕਤ ਦੇ ਮੂਜਬ ਕੀਤਾ ਹੈ, ਪਰ ਦਸਮ ਪਾਤਿਸ਼ਾਹ ਨੇ ਖੰਡੇ ਦੇ ਅੰਮ੍ਰਿਤ ਰਾਹੀਂ ਗੁਰ ਸਿੱਖੀ ਦੀ ਸੰਗਤਿ ਵਿਚ ਪ੍ਰਵੇਸ਼ ਕਰਨ ਦੀ ਪ੍ਰਪਾਟੀ ਚਲਾਈ। ਸੋ ਵਰਤਮਾਨ ਸਮੇਂ ਲਈ ਸਾਧ ਚਰਣਾਮ੍ਰਿਤ ਦੀ ਬਜਾਯ ਖੰਡਾਮ੍ਰਿਤ ਭਾਵ ਸਮਝ ਲੈਣਾ ਚਾਹੀਏ ॥੧੨੭॥