ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 188


ਲੋਗਨ ਮੈ ਲੋਗਾਚਾਰ ਅਨਿਕ ਪ੍ਰਕਾਰ ਪਿਆਰ ਮਿਥਨ ਬਿਉਹਾਰ ਦੁਖਦਾਈ ਪਹਚਾਨੀਐ ।

ਲੋਕਾਂ ਅੰਦਰ ਲੋਕਾਚਾਰੀ ਵੱਜੋਂ ਅਨੇਕ ਭਾਂਤ ਦਾ ਪਿਆਰ ਹੁੰਦਾ ਹੈ, ਪ੍ਰੰਤੂ ਇਹ ਮਿਥਨ ਬਿਉਹਾਰ ਆਪੋ ਵਿਚ ਦੀ ਵਰਤੋਂ ਪ੍ਰਵਿਰਤੀ ਦੁਖ ਦੇਣ ਹਾਰੀ ਹੀ ਪਛਾਣੋ।

ਬੇਦ ਮਿਰਜਾਦਾ ਮੈ ਕਹਤ ਹੈ ਕਥਾ ਅਨੇਕ ਸੁਨੀਐ ਨ ਤੈਸੀ ਪ੍ਰੀਤਿ ਮਨ ਮੈ ਨ ਮਾਨੀਐ ।

ਬੇਦ ਰੀਤੀ ਬੇਦਾਂ ਦੀ ਬੱਧੀ ਹੋਈ ਪ੍ਰਪਾਟੀ ਵਿਖੇ ਭੀ ਅਨੇਕਾਂ ਕਹਾਣੀਆਂ ਪ੍ਰੀਤੀ ਸਬੰਧੀ ਕਹਿਣ ਵਿਚ ਔਂਦੀਆਂ ਹਨ ਪ੍ਰੰਤੂ ਵਰਤਮਾਨ ਵਿਚ ਨਹੀਂ ਸੁਣੀਂਦੀ ਓਹੋ ਜੇਹੀ ਪ੍ਰੀਤ ਦੀ ਘਟਨਾ, ਤਿਸੀ ਪ੍ਰਕਾਰ ਮਨ ਅੰਦਰ ਭੀ ਮੰਨਨ ਵਿਚ ਨਹੀਂ ਆ ਸਕਦੀ ਭਾਵ, ਸ਼ਬਦ ਪ੍ਰਮਾਣ ਤੋਂ ਛੁਟ ਪ੍ਰਤੱਖ ਪ੍ਰਮਾਣ ਵਜੋਂ ਕੋਈ ਉਦਾਹਰਣ ਨਹੀਂ ਮਿਲਦਾ ਤੇ ਨਿਸਚਾ ਭੀ ਨਹੀਂ ਬੱਝਦਾ।

ਗਿਆਨ ਉਨਮਾਨ ਮੈ ਨ ਜਗਤ ਭਗਤ ਬਿਖੈ ਰਾਗ ਨਾਦ ਬਾਦਿ ਆਦਿ ਅੰਤਿ ਹੂ ਨ ਜਾਨੀਐ ।

ਗਿਆਨ ਉਨਮਾਨ ਵਿਖੇ ਭਾਵ ਅਨੁਮਾਨ ਪ੍ਰਮਾਣ ਦ੍ਵਾਰੇ ਦਲੀਲਾਂ ਦੇ ਘੋੜੇ ਦੁੜਾ ਉਕਤ ਜੁਕਤ ਚਲਾ ਕੇ ਭੀ ਤੱਕਿਆਂ ਨਹੀਂ ਜਾਨਣ ਵਿਚ ਔਂਦੀ ਐਸੀ ਕੋਈ ਪ੍ਰੀਤੀ ਆਦਿ ਅੰਤ ਵਿਖੇ ਜਗਤ ਅੰਦਰ ਅਥਵਾ ਭਗਤੀ ਮਾਰਗ ਦੇ ਦਾਹ੍ਵੇਦਾਰਾਂ ਅੰਦਰ, ਜਿਹੜੇ ਕਿ ਰਾਗ ਅਲਾਪਦੇ, ਸ੍ਰੋਦਾਂ ਉਠਾਂਦੇ ਤਾ ਢੋਲਕਾਂ ਛੈਣੇ ਖੜਤਾਲਾਂ ਖੰਜੀਰਾਂ ਆਦਿ ਸਾਜ ਬਾਜ ਦੇ ਪਸਾਰੇ ਪਸਾਰਦੇ ਹਨ।

ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪੁ ਜੈਸੋ ਤੈਸੋ ਨ ਤ੍ਰਿਲੋਕ ਬਿਖੇ ਅਉਰ ਉਰ ਆਨੀਐ ।੧੮੮।

ਸੱਚਮੁੱਚ ਸਹੀ ਗੁਰੂ ਅਰੁ ਸਿੱਖ ਸੰਗਤ ਦੇ ਮਿਲਾਪ ਪਿਆਰ ਦਾ ਪ੍ਰਤਾਪ ਜਿਸ ਪ੍ਰਕਾਰ ਦਾ ਹੈ, ਓਹੋ ਜੇਹਾ ਨਹੀਂ ਤ੍ਰਿਲੋਕੀ ਵਿਖੇ ਹੋਰ ਕਿਸੇ ਟਿਕਾਣੇ ਪ੍ਰਾਪਤ ਹੋ ਸਕਦਾ ॥੧੮੮॥


Flag Counter