ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 353


ਜਨਨੀ ਜਤਨ ਕਰਿ ਜੁਗਵੈ ਜਠਰ ਰਾਖੈ ਤਾ ਤੇ ਪਿੰਡ ਪੂਰਨ ਹੁਇ ਸੁਤ ਜਨਮਤ ਹੈ ।

ਜਨਨੀ ਮਾਤਾ ਜਨਣ ਹਾਰੀ ਜੁਗਤ ਕਰਿ ਜੁਗਤੀ ਨਾਲ ਸੰਜਮ ਸਾਧਦੀ ਜੁਗਵੈ ਸੰਭਾਲ ਸੰਭਾਲ ਕੇ ਰਖ੍ਯਾ ਕਰਦੀ ਹੋਈ, ਦਿਨਾਂ ਨੂੰ ਗਿਣ ਗਿਣ ਕੇ ਜਠਰ ਰਾਖੈ ਗਰਭ ਦੀ ਪਾਲਨਾ ਕਰਿਆ ਕਰਦੀ ਹੈ; ਜਿਸ ਕਰ ਕੇ ਪਿੰਡ ਸਰੀਰ ਬਾਲਕ ਦਾ ਪੂਰਾ ਪੂਰਾ ਬਣ ਕੇ ਪੁਤਰ ਜੰਮ੍ਯਾ ਕਰਦਾ ਹੈ।

ਬਹੁਰਿਓ ਅਖਾਦਿ ਖਾਦਿ ਸੰਜਮ ਸਹਿਤ ਰਹੈ ਤਾਹੀ ਤੇ ਪੈ ਪੀਅਤ ਅਰੋਗਪਨ ਪਤ ਹੈ ।

ਉਪ੍ਰੰਤ, ਆਹ ਕੁਛ ਅਖਾਦਿ ਨਹੀਂ ਖਾਣ ਲੈਕ ਤੇ ਆਹ ਕੁਛ ਖਾਦਿ ਖਾਣੇ ਜੋਗ ਹੈ ਐਸਾ ਸਮਝ ਕੇ ਵਰਤਨਾ ਰੂਪ ਸੰਜਮ ਸਮੇਤ ਰਹੈ ਰਹਿੰਦੀ ਵਰਤਦੀ ਹੈ। ਤਿਸੇ ਕਰ ਕੇ ਹੀ ਬਾਲਕ ਦੁਧ ਪੀਂਦਾ ਪੀਂਦਾ ਅਰੋਗ ਪਣੇ ਸ੍ਵਸਥਤਾ ਨੂੰ ਪਤ ਪ੍ਰਾਪਤ ਰਹਿੰਦਾ ਹੈ।

ਮਲਮੂਤ੍ਰ ਧਾਰ ਕੋ ਬਿਚਾਰ ਨ ਬਿਚਾਰੈ ਚਿਤ ਕਰੈ ਪ੍ਰਤਿਪਾਲ ਬਾਲੁ ਤਊ ਤਨ ਗਤ ਹੈ ।

ਬਾਲਕ ਦੇ ਮਲਮੂਤ੍ਰ ਧਾਰਨਹਾਰਾ (ਬਿਸ਼੍ਟਾ ਮੂਤ੍ਰ ਵਿਚ ਲਿਬੜਿਆ ਗੰਦਾ) ਹੋਣ ਦੀ ਬਿਚਾਰ ਸੋਚ ਚਿਤ ਅੰਦਰ ਨਹੀਂ ਫਰੌਂਦੀ ਤੇ (ਉਸ ਦੀ) ਪ੍ਰਤਿਪਾਲਾ ਕਰਦੀ ਰਹਿੰਦੀ ਹੈ। 'ਤਊ' ਤਦੇ ਹੀ ਉਹ 'ਤਨ ਗਤ' ਸ਼ਰੀਰ ਯਾਤ੍ਰਾ (ਦੇ ਲੈਕ ਅਪਨਾ ਜੀਵਨ ਨਿਬਾਹਣਹਾਰਾ) ਬਣ ਜਾਂਦਾ ਹੈ।

ਤੈਸੇ ਅਰਭਕੁ ਰੂਪ ਸਿਖ ਹੈ ਸੰਸਾਰ ਮਧਿ ਸ੍ਰੀ ਗੁਰ ਦਇਆਲ ਕੀ ਦਇਆ ਕੈ ਸਨ ਗਤ ਹੈ ।੩੫੩।

ਤਿਸੇ ਪ੍ਰਕਾਰ ਸਿੱਖ ਸੰਸਾਰ ਅੰਦਰ ਅਰਭਕ ਬੱਚਾ ਬਾਲਕ ਸਰੂਪ ਹੁੰਦਾ ਹੈ ਤੇ ਮਾਤਾ ਸਮਨ ਦਯਾਲੂ ਗੁਰੂ ਮਹਾਰਾਜ ਦੀ ਦਯਾ ਕਰ ਕੇ ਸਨ ਗਤ ਸਹਤ ਗਤੀ ਦੇ ਸਿੱਧੀ ਸੰਪੰਨ ਵਾ ਗ੍ਯਾਨ ਸੰਜੁਗਤ ਗਯਾਨਵਾਨ ਬਣ ਜਾਯਾ ਕਰਦਾ ਹੈ ॥੩੫੩॥


Flag Counter