ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 493


ਪ੍ਰੀਤਿ ਭਾਇ ਪੇਖੈ ਪ੍ਰਤਿਬਿੰਬ ਚਕਈ ਜਿਉਂ ਨਿਸ ਗੁਰਮਤਿ ਆਪਾ ਆਪ ਚੀਨ ਪਹਿਚਾਨੀਐ ।

ਜਿਸ ਤਰ੍ਹਾਂ ਰਾਤਰੀ ਸਮੇਂ ਚਕਵੀ ਅਪਣੇ ਪ੍ਰਤਿਬਿੰਬ ਪ੍ਰਛਾਵੇਂ ਨੂੰ ਪ੍ਰੀਤ ਭਾਵ ਨਾਲ ਦੇਖ੍ਯਾ ਕਰਦੀ ਹੈ ਤੇ ਉਸ ਨੂੰ ਸਾਖ੍ਯਾਤ ਨਿਜ ਪਤੀ ਹੀ ਸਮਝ ਕੇ ਆਨੰਦਤ ਹੁੰਦੀ ਹੈ ਇਵੇਂ ਹੀ ਗੁਰਮਤ ਵਿਖੇ ਗੁਰ ਸਿੱਖ ਆਪਣੇ ਆਤਮੇ ਦੀ ਪਛਾਣ ਕਰ ਕੇ ਓਸ ਨੂੰ ਹੀ ਪਰਮਾਤਮਾ ਸ੍ਯਾਣਿਆ ਕਰਦੇ ਹਨ।

ਬੈਰ ਭਾਇ ਪੇਖਿ ਪਰਛਾਈ ਕੂਪੰਤਰਿ ਪਰੈ ਸਿੰਘੁ ਦੁਰਮਤਿ ਲਗਿ ਦੁਬਿਧਾ ਕੈ ਜਾਨੀਐ ।

ਜੀਕੂੰ ਵੈਰ ਭਾਵ ਨਾਲ ਅਪਣੇ ਪਰਛਾਵੇਂ ਨੂੰ ਤੱਕ ਕੇ ਸ਼ੇਰ ਖੂਹ ਵਿਚ ਡਿਗਦਾ ਹੈ ਤੀਕੂੰ ਹੀ ਦੁਰਮਤਿ ਪਿੱਛੇ ਦੁਬਿਧਾ ਦੇ ਕਾਰਣ ਆਨ ਦੇਵ ਸੇਵਕ ਭਰਮ ਭੇਦ ਵਿਖੇ ਵਰਤਦੇ ਹੋਏ ਸੰਸਾਰ ਰੂਪ ਖੂਹ ਵਿਚ ਹੀ ਡਿਗਦੇ ਹਨ।

ਗਊ ਸੁਤ ਅਨੇਕ ਏਕ ਸੰਗ ਹਿਲਿ ਮਿਲਿ ਰਹੈ ਸ੍ਵਾਨ ਆਨ ਦੇਖਤ ਬਿਰੁਧ ਜੁਧ ਠਾਨੀਐ ।

ਗਊਆਂ ਦੇ ਪੁੱਤ ਵੱਛੇ ਅਨੇਕਾਂ ਹੀ ਇਕ ਸੰਗਿ ਇਕ ਦੂਏ ਨਾਲ ਆਪੋ ਵਿਚ ਹਿਲੇ ਮਿਲੇ ਰਹਿੰਦੇ ਹਨ ਪਰ ਕੁੱਤਾ ਦੂਏ ਨੂੰ ਦੇਖਦੇ ਸਾਰ ਹੀ ਬਿਰੁਧ ਵੈਰ ਕਰਦਾ ਹੋਯਾ ਉਲਟਾ ਲੜਨ ਲਗ ਪਿਆ ਕਰਦਾ ਹੈ। ਭਾਵ ਗੁਰੂ ਕੇ ਸੇਵਕ ਆਪੋ ਵਿਚ ਇਕ ਵਾਕ ਨਾਲ ਰਿਹਾ ਬਿਹਾ ਕਰਦੇ ਹਨ ਤੇ ਆਨ ਦੇਵ ਸੇਵਕ ਰਾਮ ਉਪਾਸ਼ਕ ਕ੍ਰਿਸ਼ਨ ਉਪਾਸ਼ਕ ਵਾ ਸ਼ੈਵ ਸ਼ਾਕਤ ਆਦਿ ਬਣੇ ਆਪੋ ਵਿਚ ਦੰਗਾ ਫਸਾਦ ਕਰਦੇ ਰਹਿੰਦੇ ਹਨ।

ਗੁਰਮੁਖਿ ਮਨਮੁਖ ਚੰਦਨ ਅਉ ਬਾਂਸ ਬਿਧਿ ਬਰਨ ਕੇ ਦੋਖੀ ਬਿਕਾਰੀ ਉਪਕਾਰੀ ਉਨਮਾਨੀਐ ।੪੯੩।

ਗੁਰਮੁਖਾਂ ਤੇ ਮਨਮੁਖਾਂ ਦਾ ਚਾਲਾ ਬਿਲਕੁਲ ਚੰਨਣ ਅਤੇ ਵਾਂਸ ਵਾਲਾ ਹੁੰਦਾ ਹੈ, ਬਾਂਸ ਮਨਮੁਖ ਤਾਂ ਅਪਣੇ ਸਜਾਤੀਆਂ ਭਾਈਚਾਰੇ ਦਾ ਦੋਖੀ ਵਿਗਾੜ ਕਰਣ ਹਾਰਾ ਹੁੰਦਾ ਹੈ, ਤੇ ਚੰਨਣ ਗੁਰਮੁਖ ਸਭ ਉਪਰ ਪ੍ਰੋਪਕਾਰੀ ਹੋ ਵਰਤਣ ਵਾਲਾ ਨਿਜ ਰੂਪ ਹੀ ਬਣਾ ਪਿਆਰਣ ਹਾਰਾ ਸਮਝਣਾ ਚਾਹੀਏ ॥੪੯੩॥


Flag Counter